ਚੀਨ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਰੁਣਾਂਚਲ ਪ੍ਰਦੇਸ਼ ਫੇਰੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਚੀਨ ਸਰਕਾਰ ਨੇ ਕਦੇ ਵੀ ਇਸ ਉੱਤਰ-ਪੂਰਬੀ ਸੂੁਬੇ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਿਆ ਹੈ। ਚੀਨ ਦਾ ਦਾਅਵਾ ਹੈ ਕਿ ਇਹ ਦੱਖਣੀ ਤਿੱਬਤ ਦਾ ਹਿੱਸਾ ਹੈ। ਸਿੰਘ ਨੇ ਚੀਨ ਦੀ ਸਰਹੱਦ ਨਾਲ ਲਗਦੇ ਤਵਾਂਗ ਖੇਤਰ ਵਿੱਚ ਆਮ ਲੋਕਾਂ ਤੇ ਫੌਜ ਵਿਚਾਲੇ ਸਬੰਧ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ‘ਮੈਤਰੀ ਦਿਵਸ’ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਇਸ ਫੇਰੀ ਬਾਰੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੇਂਗ ਸ਼ੁਆਂਗ ਨੇ ਕਿਹਾ, ‘‘ਚੀਨ ਸਰਕਾਰ ਨੇ ਕਦੇ ਵੀ ਅਰੁਣਾਂਚਲ ਪ੍ਰਦੇਸ਼ ਕਹੇ ਜਾਂਦੇ ਸੂਬੇ ਨੂੰ ਮਾਨਤਾ ਨਹੀਂ ਦਿੱਤੀ। ਕਿਸੇ ਵੀ ਭਾਰਤੀ ਅਧਿਕਾਰੀਆਂ ਜਾਂ ਆਗੂਆਂ ਵਲੋਂ ਇਸ ਖੇਤਰ ਵਿੱਚ ਕੀਤੀਆਂ ਜਾਂਦੀਆਂ ਗਤੀਵਿਧੀਆਂ ਦਾ ਅਸੀਂ ਵਿਰੋਧ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਚੀਨ ਦੇ ਹਿੱਤਾਂ ਅਤੇ ਚਿੰਤਾਵਾਂ ਦੀ ਕਦਰ ਕੀਤੀ ਜਾਵੇ, ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਜਿਸ ਨਾਲ ਸਰਹੱਦੀ ਮਸਲੇ ਉਲਝ ਜਾਣ। ਬਲਕਿ ਉਹ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਯਕੀਨੀ ਬਣਾਉਣ ਲਈ ਹਕੀਕੀ ਕਦਮ ਚੁੱਕਣ।’’
World ਚੀਨ ਵਲੋਂ ਰਾਜਨਾਥ ਸਿੰਘ ਦੀ ਅਰੁਣਾਚਲ ਫੇਰੀ ਦਾ ਵਿਰੋਧ