ਇਸਲਾਮਾਬਾਦ (ਸਮਾਜਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਊਨ੍ਹਾਂ ਦੀ ਸਰਕਾਰ ਚੀਨ-ਪਾਕਿਸਤਾਨ ਆਰਥਿਕ ਲਾਂਘਾ ਹਰ ਹਾਲ ’ਚ ਮੁਕੰਮਲ ਕਰਕੇ ਰਹੇਗੀ। ਊਨ੍ਹਾਂ ਕਿਹਾ ਕਿ 60 ਅਰਬ ਡਾਲਰ ਦਾ ਇਹ ਪ੍ਰਾਜੈਕਟ ਦੋਵੇਂ ਮੁਲਕਾਂ ਵਿਚਕਾਰ ਦੋਸਤੀ ਦਾ ਸੂਚਕ ਹੈ। ਪ੍ਰਾਜੈਕਟ ਦੀ ਤਰੱਕੀ ’ਤੇ ਨਜ਼ਰਸਾਨੀ ਬਾਰੇ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਪਾਕਿਸਤਾਨ ਦੇ ਸਮਾਜਿਕ-ਆਰਥਿਕ ਵਿਕਾਸ ਲਈ ਲਾਹੇਵੰਦ ਹੈ ਅਤੇ ਇਸ ਨਾਲ ਦੇਸ਼ ਦਾ ਭਵਿੱਖ ਸੁਨਹਿਰਾ ਹੋਵੇਗਾ।
ਇਮਰਾਨ ਦਾ ਇਹ ਬਿਆਨ ਊਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਫੋਨ ’ਤੇ ਇਸ ਪ੍ਰਾਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਵੈਂਗ ਨੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ’ਚ ਤੇਜ਼ੀ ਲਿਆਊਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਪ੍ਰਾਜੈਕਟ ’ਤੇ ਚੀਨ ਕੋਲ ਵਿਰੋਧ ਪ੍ਰਗਟਾਇਆ ਸੀ ਕਿਊਂਕਿ ਇਹ ਮਕਬੂਜ਼ਾ ਕਸ਼ਮੀਰ ’ਚੋਂ ਹੋ ਕੇ ਨਿਕਲਦਾ ਹੈ।