ਪੇਈਚਿੰਗ (ਸਮਾਜ ਵੀਕਲੀ) : ਨੇਪਾਲ ਵਿੱਚ ਚੱਲ ਰਹੇ ਸਿਆਸੀ ਘਮਸਾਣ ਵਿਚਾਲੇ ਚੀਨ ਦੇ ਚੋਟੀ ਦੇ ਆਗੂਆਂ ਵੱਲੋਂ ਕੀਤੇ ਗਏ ਨੇਪਾਲ ਦੌਰੇ ਨੂੰ ਅੱਜ ਚੀਨ ਨੇ ਕੋਈ ਖ਼ਾਸ ਅਹਿਮੀਅਤ ਨਾ ਦਿੰਦਿਆਂ ਰੁਟੀਨ ਦੌਰਾ ਕਰਾਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਚੀਨੀ ਵਫ਼ਦ ਵੱਲੋਂ ਦੌਰੇ ਦੌਰਾਨ ਅੰਤਰ-ਪਾਰਟੀ ਗੱਲਬਾਤ ਨੂੰ ਬੜ੍ਹਾਵਾ ਦੇਣ ਬਾਰੇ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਦੇ ਉਪ ਮੰਤਰੀ ਗੁਓ ਯੇਜ਼ਾਓ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਚੀਨੀ ਵਫ਼ਦ ਵੱਲੋਂ ਇਸੇ ਹਫ਼ਤੇ ਨੇਪਾਲ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਚੀਨੀ ਵਫ਼ਦ ਵੱਲੋਂ ਨੇਪਾਲ ’ਚ ਕਾਬਜ਼ ਧਿਰ ਦੇ ਆਗੂਆਂ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਨੇਪਾਲ ਦੇ ਚੋਟੀ ਦੇ ਆਗੂਆਂ ਨਾਲ ਵੱਖਰੇ ਤੌਰ ’ਤੇ ਗੱਲਬਾਤ ਕੀਤੀ ਗਈ ਸੀ। ਚੀਨੀ ਵਫ਼ਦ ਚਾਰ ਦਿਨਾਂ ਦੌਰੇ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਵਤਨ ਪਰਤ ਆਇਆ ਸੀ।
ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਵੱਲੋਂ ਉਪ ਮੰਤਰੀ ਗੁਓ ਦੇ ਨੇਪਾਲ ਦੌਰੇ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਦੱਸਿਆ ਕਿ ਚੀਨੀ ਵਫ਼ਦ ਚੀਨ ਵਿੱਚ ਕਾਬਜ਼ ਦੋਵੇਂ ਪਾਰਟੀਆਂ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਿਆ ਅਤੇ ਅੰਤਰ-ਪਾਰਟੀ ਗੱਲਬਾਤ ਨੂੰ ਬੜ੍ਹਾਵਾ ਦੇਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨੇਪਾਲ ਵੱਲੋਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਗੇ ਆ ਰਹੀ 100ਵੀਂ ਵਰ੍ਹੇਗੰਢ ਲਈ ਵਧਾਈ ਵੀ ਦਿੱਤੀ ਗਈ ਹੈ।