ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਆਲਮੀ ਪੱਧਰ ’ਤੇ ਕਰੋਨਾਵਾਇਰਸ ਫੈਲਾਉਣ ਦੀ ਚੀਨ ਨੂੰ ਵੱਡੀ ਕੀਮਤ ਤਾਰਨੀ ਪਵੇਗੀ। ਕਰੋਨਾ ਦੇ ਇਲਾਜ ਮਗਰੋਂ ਮਿਲਟਰੀ ਹਸਪਤਾਲ ਤੋਂ ਵ੍ਹਾਈਟ ਹਾਊਸ ਪਹੁੰਚਣ ਦੇ 50 ਘੰਟਿਆਂ ਦੇ ਅੰਦਰ ਹੀ ਟਰੰਪ ਨੇ ਟਵਿੱਟਰ ’ਤੇ ਪੋਸਟ ਕੀਤੇ ਵੀਡੀਓ ’ਚ ਕਰੋਨਾ ਮਹਾਮਾਰੀ ਦੇ ਫੈਲਾਅ ਲਈ ਚੀਨ ਨੂੰ ਦੋਸ਼ੀ ਠਹਿਰਾਇਆ।
ਉਨ੍ਹਾਂ ਕਿਹਾ ਕਿ ਇਹ ਚੀਨ ਦੀ ਗਲਤੀ ਸੀ ਅਤੇ ਇਸ ਦੀ ਵੱਡੀ ਕੀਮਤ ਉਸ ਨੂੰ ਤਾਰਨੀ ਪਵੇਗੀ। ਉਂਜ ਰਾਸ਼ਟਰਪਤੀ ਨੇ ਚੀਨ ਖਿਲਾਫ਼ ਉਠਾਏ ਜਾਣ ਵਾਲੇ ਕਦਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਮਹੀਨਿਆਂ ’ਚ ਚੀਨ ਖਿਲਾਫ਼ ਕਈ ਪਾਬੰਦੀਆਂ ਲਾਈਆਂ ਹਨ। ਉਧਰ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਬੁੱਧਵਾਰ ਨੂੰ ਕੋਵਿਡ-19 ਬਾਰੇ ਅੰਤਿਮ ਰਿਪੋਰਟ ਜਾਰੀ ਕੀਤੀ ਹੈ।
ਕਾਂਗਰਸਮੈਨ ਬ੍ਰਾਇਨ ਮਾਸਟ ਨੇ ਦਾਅਵਾ ਕੀਤਾ ਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਝੂਠ ਬੋਲਿਆ ਅਤੇ ਵਾਇਰਸ ’ਤੇ ਪਰਦਾ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਮਹਾਮਾਰੀ ਫੈਲਣ ਤੋਂ ਰੋਕਣ ’ਚ ਚੀਨ ਦੇ ਨਾਕਾਮ ਰਹਿਣ ਕਾਰਨ ਲੱਖਾਂ ਜਾਨਾਂ ਤੇ ਨੌਕਰੀਆਂ ਚਲੀਆਂ ਗਈਆਂ ਅਤੇ ਅਰਥਚਾਰੇ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਅਜਿਹੀ ਕੋਈ ਕੋਤਾਹੀ ਨਾ ਹੋਵੇ।