ਮ੍ਰਿਤਕਾਂ ’ਚ 18 ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤੇ ਇੱਕ ਖੇਤ ਮਜ਼ਦੂਰ ਸ਼ਾਮਲ
ਪੇਈਚਿੰਗ (ਸਮਾਜਵੀਕਲੀ)– ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਜੰਗਲ ’ਚ ਅੱਗ ਲੱਗਣ ਨਾਲ ਫਾਇਰ ਬ੍ਰਿਗੇਡ ਦੇ 18 ਕਰਮਚਾਰੀਆਂ ਸਮੇਤ ਕੁੱਲ 19 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੁਆ ਨੇ ਅੱਜ ਕਿਹਾ ਕਿ ਇੱਕ ਸਥਾਨਕ ਖੇਤ ’ਚ ਬੀਤੇ ਦਿਨ ਬਾਅਦ ਦੁਪਹਿਰ ਕਰੀਬ ਚਾਰ ਵਜੇ ਅੱਗ ਲੱਗ ਗਈ ਜੋ ਤੇਜ਼ ਹਵਾਵਾਂ ਕਾਰਨ ਨੇੜਲੇ ਪਹਾੜਾਂ ਤੱਕ ਫੈਲ ਗਈ।
ਮਾਰੇ ਗਏ ਲੋਕਾਂ ’ਚ ਫਾਇਰ ਬ੍ਰਿਗੇਡ ਦੇ 18 ਕਰਮਚਾਰੀਆਂ ਤੋਂ ਇਲਾਵਾ ਸਥਾਨਕ ਖੇਤ ਮਜ਼ਦੂਰ ਵੀ ਸ਼ਾਮਲ ਹਨ ਜੋ ਅੱਗ ਬੁਝਾਉਣ ’ਚ ਮਦਦ ਕਰ ਰਿਹਾ ਸੀ। ਹਵਾ ਦਾ ਰੁਖ਼ ਅਚਾਨਕ ਬਦਲ ਜਾਣ ਕਾਰਨ ਲੋਕ ਅੱਗ ਵਿਚਾਲੇ ਫਸ ਗਏ। ਲੋਕਾਂ ਨੂੰ ਉੱਥੋਂ ਕੱਢਣ ਦਾ ਕੰਮ ਜਾਰੀ ਹੈ ਅਤੇ 300 ਤੋਂ ਵੱਧ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਤੇ 700 ਫੌਜੀਆਂ ਨੂੰ ਮਦਦ ਲਈ ਭੇਜਿਆ ਗਿਆ ਹੈ।
ਇਸੇ ਵਿਚਾਲੇ ਚੀਨ ਦੇ ਯੂਨਾਨ ਸੂਬੇ ’ਚ ਐਤਵਾਰ ਨੂੰ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਨਾਨਜਿਆਂ ਕਾਊਂਟੀ ਦੀ ਸਰਕਾਰ ਅਨੁਸਾਰ ਇਸ ਅੱਗ ’ਤੇ ਬੀਤੀ ਰਾਤ 11.34 ਵਜੇ ਕਾਬੂ ਪਾ ਲਿਆ ਗਿਆ ਸੀ। ਐਤਵਾਰ ਨੂੰ ਲੱਗੀ ਅੱਗ 90 ਹੈਕਟੇਅਰ ਤੋਂ ਵੱਧ ਰਕਬੇ ’ਚ ਫੈਲ ਗਈ ਸੀ। ਇਸ ਘਟਨਾ ’ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਕੋਈ ਸੂਚਨਾ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਅੱਗ ਬੁਝਾਉਣ ਲਈ 1800 ਤੋਂ ਵੱਧ ਵਿਅਕਤੀ ਭੇਜੇ ਗਏ ਸਨ। 12 ਫਾਇਰ ਇੰਜਣ ਤੇ ਤਿੰਨ ਹੈਲੀਕਾਪਟਰ ਅੱਗ ਬੁਝਾਉਣ ਦੇ ਕੰਮ ’ਚ ਲਗਾਏ ਗਏ ਸੀ।