ਅਹਿਮਦਾਬਾਦ (ਸਮਾਜਵੀਕਲੀ): ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਭਾਰਤ ਦੀ ਪਾਕਿਸਤਾਨ ਜਾਂ ਚੀਨ ਦੇ ਇਲਾਕਿਆਂ ’ਚ ਕੋਈ ਦਿਲਚਸਪੀ ਨਹੀਂ ਹੈ ਸਗੋਂ ਅਸੀਂ ਤਾਂ ਸ਼ਾਂਤੀ ਅਤੇ ਦੋਸਤਾਨਾ ਸਬੰਧ ਚਾਹੁੰਦੇ ਹਾਂ। ਨਾਗਪੁਰ ਤੋਂ ਗੁਜਰਾਤ ਭਾਜਪਾ ਦੀ ਵਰਚੂਅਲ ‘ਜਨ ਸੰਵਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਭਾਰਤ ਸ਼ਾਂਤ ਅਤੇ ਅਹਿੰਸਾ ਦੇ ਮਾਹੌਲ ’ਚ ਵਿਸ਼ਵਾਸ ਰਖਦਾ ਹੈ।
‘ਅਸੀਂ ਵਿਸਥਾਰ ਦੇ ਨਾਮ ’ਤੇ ਤਾਕਤਵਰ ਨਹੀਂ ਬਣਨਾ ਚਾਹੁੰਦੇ ਹਾਂ।’ ਊਨ੍ਹਾਂ ਕਿਹਾ ਕਿ ਭਾਰਤ ਨੇ ਭੂਟਾਨ ਅਤੇ ਬੰਗਲਾਦੇਸ਼ ਵਰਗੇ ਗੁਆਂਢੀਆਂ ਦੀ ਜ਼ਮੀਨ ਹਥਿਆਊਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਦਾ ਇਹ ਬਿਆਨ ਊਸ ਸਮੇਂ ਆਇਆ ਹੈ ਜਦੋਂ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਟਕਰਾਅ ਦਾ ਮਾਹੌਲ ਹੈ।
ਊਨ੍ਹਾਂ ਦਾਅਵਾ ਕੀਤਾ ਕਿ ਕੋਵਿਡ-19 ਸੰਕਟ ਲੰਬੇ ਸਮੇਂ ਤੱਕ ਨਹੀਂ ਰਹੇਗਾ ਅਤੇ ਇਸ ਦੀ ਵੈਕਸੀਨ ਛੇਤੀ ਆ ਜਾਵੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਵਰ੍ਹਾ ਮੁਕੰਮਲ ਹੋਣ ਦੀ ਗੱਲ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਮੁਲਕ ਅੰਦਰ ਸੁਰੱਖਿਆ ਦੇ ਮਾਮਲਿਆਂ ਨਾਲ ਨਜਿੱਠਣਾ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ।