HOME ਚੀਨ ‘ਚ ਸਿਰਫ਼ 45 ਕਾਲਜ ਅੰਗਰੇਜ਼ੀ ‘ਚ ਪੜ੍ਹਾਉਣਗੇ ਐੱਮਬੀਬੀਐੱਸ

ਚੀਨ ‘ਚ ਸਿਰਫ਼ 45 ਕਾਲਜ ਅੰਗਰੇਜ਼ੀ ‘ਚ ਪੜ੍ਹਾਉਣਗੇ ਐੱਮਬੀਬੀਐੱਸ

ਬੀਜਿੰਗ  : ਚੀਨ ‘ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਸਾਹਮਣੇ ਵੱਡੀ ਮੁਸ਼ਕਲ ਆ ਗਈ ਹੈ। ਇੱਥੋਂ ਦੇ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਦੇ 200 ਤੋਂ ਜ਼ਿਆਦਾ ਮੈਡੀਕਲ ਕਾਲਜਾਂ ‘ਚੋਂ ਸਿਰਫ਼ 45 ਕਾਲਜ ਹੀ ਅੰਗਰੇਜ਼ੀ ‘ਚ ਐੱਮਬੀਬੀਐੱਸ ਦੀ ਪੜ੍ਹਾਈ ਕਰਵਾ ਸਕਣਗੇ। ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਕਾਲਜਾਂ ‘ਚ ਐੱਮਬੀਬੀਐੱਸ ਦੀ ਪੜ੍ਹਾਈ ਚੀਨੀ ਭਾਸ਼ਾ ਮੰਦਾਰਿਨ ‘ਚ ਹੋਵੇਗੀ। ਚੀਨ ‘ਚ ਅੰਗਰੇਜ਼ੀ ‘ਚ ਐੱਮਬੀਬੀਐੱਸ ਪੜ੍ਹਨ ਲਈ ਜ਼ਿਆਦਾਤਰ ਵਿਦੇਸ਼ੀ ਵਿਦਿਆਰਥੀ ਆਉਂਦੇ ਹਨ। ਇਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਰਹਿੰਦੀ ਹੈ। ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਦੇ ਮੈਡੀਕਲ ਕਾਲਜਾਂ ਦੀ ਤੁਲਨਾ ‘ਚ ਸਸਤਾ ਹੋਣ ਕਾਰਨ ਭਾਰਤ ਤੇ ਹੋਰਨਾਂ ਏਸ਼ਿਆਈ ਦੇਸ਼ਾਂ ਦੇ ਵਿਦਿਆਰਥੀ ਇੱਥੇ ਆਉਣਾ ਪਸੰਦ ਕਰਦੇ ਹਨ। ਫਿਲਹਾਲ ਇੱਥੇ 23,000 ਤੋਂ ਵੱਧ ਭਾਰਤੀ ਵਿਦਿਆਰਥੀ ਵੱਖ-ਵੱਖ ਸਿਲੇਬਸਾਂ ‘ਚ ਪੜ੍ਹਾਈ ਕਰ ਰਹੇ ਹਨ। ਉੱਥੇ ਪਾਕਿਸਤਾਨ ਦੇ 28 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਚੀਨ ‘ਚ ਪੜ੍ਹ ਰਹੇ ਹਨ। ਕੁੱਲ ਮਿਲਾ ਕੇ ਇੱਥੋਂ ਦੇ ਕਾਲਜਾਂ ‘ਚ ਕਰੀਬ ਪੰਜ ਲੱਖ ਵਿਦੇਸ਼ੀ ਵਿਦਿਆਰਥੀ ਅਧਿਐਨ ਕਰ ਰਹੇ ਹਨ। ਭਾਰਤ ਦੇ 23 ਹਜ਼ਾਰ ਵਿਦਿਆਰਥੀਆਂ ‘ਚੋਂ 21 ਹਜ਼ਾਰ ਵਿਦਿਆਰਥੀ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਹਨ, ਜੋ ਹੁਣ ਤਕ ਸਭ ਤੋਂ ਜ਼ਿਆਦਾ ਹੈ।

ਚੀਨ ਦੇ ਸਿੱਖਿਆ ਮੰਤਰਾਲੇ ਦੇ ਫ਼ੈਸਲੇ ਨਾਲ ਭਾਰਤੀ ਵਿਦਿਆਰਥੀਆਂ ‘ਤੇ ਪੈਣ ਵਾਲੇ ਅਸਰ ਨੂੰ ਵੇਖਦਿਆਂ ਇੱਥੇ ਭਾਰਤੀ ਦੂਤਘਰ ਨੇ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੂਤਘਰ ਨੇ ਦੱਸਿਆ ਕਿ ਸੂਚੀ ‘ਚ ਰੱਖੇ ਗਏ 45 ਕਾਲਜਾਂ ਤੋਂ ਇਲਾਵਾ ਕਿਸੇ ਹੋਰ ਮੈਡੀਕਲ ਕਾਲਜ ‘ਚ ਐੱਮਬੀਬੀਐੱਸ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਮੰਦਾਰਿਨ ‘ਚ ਹੀ ਪੜ੍ਹਾਈ ਕਰਨੀ ਪਵੇਗੀ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਸੂਚੀ ਤੋਂ ਬਾਹਰ ਸਾਰੇ ਕਾਲਜਾਂ ‘ਚ ਮੰਦਾਰਿਨ ‘ਚ ਐੱਮਬੀਬੀਐੱਸ ਦੀ ਪੜ੍ਹਾਈ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਇਜਾਜ਼ਤ ਹੋਵੇਗੀ ਜਾਂ ਨਹੀਂ। ਫਿਲਹਾਲ ਭਾਰਤੀ ਵਿਦਿਆਰਥੀਆਂ ਦੀ ਸਹੂਲਤ ਨੂੰ ਵੇਖਦਿਆਂ ਦੂਤਘਰ ਨੇ ਆਪਣੀ ਵੈੱਬਸਾਈਟ ਤੋਂ ਉਨ੍ਹਾਂ ਸਾਰੇ ਕਾਲਜਾਂ ਦਾ ਨਾਂ ਹਟਾ ਦਿੱਤਾ ਹੈ, ਜਿੱਥੇ ਅੰਗਰੇਜ਼ੀ ‘ਚ ਐੱਮਬੀਬੀਐੱਸ ਦੀ ਪੜ੍ਹਾਈ ਨਹੀਂ ਹੋਵੇਗੀ। ਨਵਾਂ ਨਿਯਮ ਆਉਣ ਤੋਂ ਬਾਅਦ ਹੋਰਨਾਂ ਕਾਲਜਾਂ ‘ਚ ਦਾਖ਼ਲਾ ਲੈ ਚੁੱਕੇ ਭਾਰਤੀ ਵਿਦਿਆਰਥੀ ਸਿਲੇਬਸ ਪੂਰਾ ਕਰਨ ਲਈ ਮੰਦਾਰਿਨ ਸਿੱਖ ਰਹੇ ਹਨ।

Previous articleਫਾਇਰ ਤੇ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
Next articleSaturn surpasses Jupiter to become new moon king