ਵੂਹਾਨ (ਸਮਾਜਵੀਕਲੀ)– ਚੀਨ ’ਚ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਸਮਾਰਟ ਫੋਨ ਦੇ ਇਕ ‘ਹਰੇ ਸੰਕੇਤ’ ਨਾਲ ਤੁਰ ਪਈ ਹੈ। ਹਰਾ ਸੰਕੇਤ ਇਕ ਅਜਿਹਾ ‘ਸਿਹਤ ਕੋਡ’ ਹੈ ਜੋ ਦੱਸਦਾ ਹੈ ਕਿ ਵਿਅਕਤੀ ਵਾਇਰਸ ਦੇ ਲੱਛਣਾਂ ਤੋਂ ਮੁਕਤ ਹੈ। ਇਹ ਸੰਕੇਤ ਕਿਸੇ ਸਬਵੇਅ ’ਚ ਜਾਣ, ਕਿਸੇ ਹੋਟਲ ’ਚ ਦਾਖ਼ਲੇ ਜਾਂ ਵੂਹਾਨ ’ਚ ਦਾਖ਼ਲ ਹੋਣ ਲਈ ਜ਼ਰੂਰੀ ਹੈ। ਵੂਹਾਨ ਵਾਇਰਸ ਦਾ ਕੇਂਦਰ ਰਿਹਾ ਹੈ ਅਤੇ ਇਥੇ ਦਸੰਬਰ ’ਚ ਇਹ ਮਹਾਮਾਰੀ ਫੈਲ ਗਈ ਸੀ।
ਇਸ ਹੈਲਥ ਕੋਡ ਦਾ ਬਣਨਾ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਚੀਨ ’ਚ ਤਕਰੀਬਨ ਸਾਰਿਆਂ ਕੋਲ ਸਮਾਰਟ ਫੋਨ ਹਨ। ਚੀਨ ਦੀ ਕਮਿਊਨਿਸਟ ਪਾਰਟੀ ਕੋਲ ਆਪਣੇ ਨਾਗਰਿਕਾਂ ਦੀ ਨਿਗਰਾਨੀ ਅਤੇ ਉਨ੍ਹਾਂ ਨੂੰ ਕੰਟਰੋਲ ’ਚ ਰੱਖਣ ਲਈ ਲੋਕਾਂ ਦੀ ਜਾਣਕਾਰੀ ਦਾ ਵੱਡਾ ਡੇਟਾ ਹੈ। ਕੱਪੜੇ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਦੀ ਇਕ ਪ੍ਰਬੰਧਕ ਵੂ ਸ਼ੇਂਗਹੋਂਗ ਨੇ ਬੁੱਧਵਾਰ ਨੂੰ ਵੂਹਾਨ ਸਬਵੇਅ ਸਟੇਸ਼ਨ ’ਤੇ ਆਪਣਾ ਸਮਾਰਟ ਫੋਨ ਕੱਢਿਆ ਅਤੇ ਉਥੇ ਲੱਗੇ ਇਕ ਪੋਸਟਰ ਦੇ ਬਾਰ ਕੋਡ ਨੂੰ ਆਪਣੇ ਫੋਨ ਨਾਲ ਸਕੈਨ ਕੀਤਾ। ਇਸ ਨਾਲ ਉਨ੍ਹਾਂ ਦਾ ਪਛਾਣ ਪੱਤਰ ਨੰਬਰ ਅਤੇ ਹਰਾ ਸੰਕੇਤ ਆ ਗਿਆ।
ਇਸ ਤੋਂ ਬਾਅਦ ਸਬਵੇਅ ’ਤੇ ਮਾਸਕ ਅਤੇ ਐਨਕ ਪਹਿਣੇ ਇਕ ਗਾਰਡ ਨੇ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ। ਜੇਕਰ ਇਹ ਕੋਡ ਲਾਲ ਆਉਂਦਾ ਤਾਂ ਗਾਰਡ ਨੂੰ ਇਸ ਦੀ ਜਾਣਕਾਰੀ ਮਿਲ ਜਾਂਦੀ ਕਿ ਜਾਂ ਤਾਂ ਉਹ ਪੀੜਤ ਹੈ ਜਾਂ ਉਸ ਨੂੰ ਬੁਖਾਰ ਤੇ ਹੋਰ ਲੱਛਣ ਹਨ। ਉਧਰ ਪੀਲਾ ਕੋਡ ਇਹ ਦਰਸਾਉਂਦਾ ਹੈ ਕਿ ਉਹ ਪੀੜਤ ਵਿਅਕਤੀ ਦੇ ਸੰਪਰਕ ’ਚ ਆਈ ਹੈ ਅਤੇ ਦੋ ਹਫ਼ਤੇ ਦੇ ਇਕਾਂਤਵਾਸ ’ਚ ਨਹੀਂ ਰਹੀ ਹੈ। ਇਸ ਤੋਂ ਬਾਅਦ ਉਸ ਨੂੰ ਕਿਸੇ ਹਸਪਤਾਲ ਜਾਂ ਘਰ ’ਚ ਆਈਸੋਲੇਸ਼ਨ ’ਚ ਰੱਖਿਆ ਜਾਂਦਾ।
ਵੂ ਨੇ ਕਿਹਾ,‘‘ਲਾਲ ਜਾਂ ਪੀਲੇ ਕੋਡ ਵਾਲੇ ਵਿਅਕਤੀ ਯਕੀਨੀ ਤੌਰ ’ਤੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ।’’ ਚੀਨੀ ਅਧਿਕਾਰੀ ਮੁਲਕ ਦਾ ਅਰਥਚਾਰਾ ਲੀਹ ’ਤੇ ਲਿਆਉਣਾ ਚਾਹੁੰਦੇ ਹਨ। ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਨੇ ਮੰਗਲਵਾਰ ਨੂੰ ਸਾਇੰਸ ਰਸਾਲੇ ’ਚ ਪ੍ਰਕਾਸ਼ਿਤ ਰਿਪੋਰਟ ’ਚ ਕਿਹਾ ਕਿ ਚੀਨ ਦੇ ਤਰੀਕੇ ਨੂੰ ਹੋਰ ਸਰਕਾਰਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ।