ਮੁੰਬਈ (ਸਮਾਜਵੀਕਲੀ) – ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ ਨੂੰ ਕਰੋਨਾਵਾਇਰਸ ਕਾਰਨ ਚੀਨ ਖ਼ਿਲਾਫ਼ ਵਿਸ਼ਵ ਪੱਧਰ ’ਤੇ ਪੈਦਾ ਹੋ ਰਹੀ ‘ਨਫ਼ਰਤ’ ਨੂੰ ਆਰਥਿਕ ਮੌਕੇ ਵਿਚ ਤਬਦੀਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਵਿਦੇਸ਼ੀ ਨਿਵੇਸ਼ ਨੂੰ ਸੱਦਾ ਦਿੱਤਾ ਜਾ ਸਕਦਾ ਹੈ।
ਵਿਦੇਸ਼ ’ਚ ਭਾਰਤੀ ਵਿਦਿਆਰਥੀਆਂ ਨਾਲ ਵੀਡੀਓ ਰਾਹੀਂ ਗੱਲਬਾਤ ਕਰਦਿਆਂ ਗਡਕਰੀ ਨੇ ਕਿਹਾ ਕਿ ਜਪਾਨ ਨੇ ਵੀ ਚੀਨ ਛੱਡ ਰਹੀਆਂ ਆਪਣੀਆਂ ਸਨਅਤਾਂ ਲਈ ਵਿੱਤੀ ਪੈਕੇਜ ਐਲਾਨਿਆ ਹੈ। ਸਾਨੂੰ ਵੀ ਇਸ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਕਲੀਅਰੈਂਸ ਦੇਵਾਂਗੇ ਤੇ ਵਿਦੇਸ਼ੀ ਨਿਵੇਸ਼ ਖਿੱਚਣ ਲਈ ਕੋਸ਼ਿਸ਼ ਕਰਾਂਗੇ।
ਇਹ ਪੁੱਛਣ ’ਤੇ ਕਿ ਕੀ ਕੋਵਿਡ ਬਾਰੇ ਸੂਚਨਾ ‘ਲੁਕਾਉਣ’ ਲਈ ਚੀਨ ਖ਼ਿਲਾਫ਼ ਭਾਰਤ ਕੋਈ ਕਾਰਵਾਈ ਕਰੇਗਾ ਤਾਂ ਗਡਕਰੀ ਨੇ ਕਿਹਾ ਕਿ ਇਹ ਵਿਦੇਸ਼ ਮੰਤਰਾਲੇ ਤੇ ਪ੍ਰਧਾਨ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੈ। ‘ਇੰਡੀਆ ਰੇਟਿੰਗਜ਼ ਤੇ ਰਿਸਰਚ’ ਨੇ ਵਿੱਤੀ ਵਰ੍ਹੇ 2021 ਵਿਚ ਭਾਰਤ ਦੀ ਵਿਕਾਸ ਦਰ 1.9 ਫ਼ੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਇਹ 29 ਸਾਲਾਂ ਵਿਚ ਸਭ ਤੋਂ ਘੱਟ ਹੈ ਤੇ ਇਸ ਲਈ ਕੋਵਿਡ-19 ਮਹਾਮਾਰੀ ਨਾਲ ਬਣੀ ਸਥਿਤੀ ਦਾ ਹਵਾਲਾ ਵੀ ਦਿੱਤਾ ਗਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਅੰਕੜੇ ਉਨ੍ਹਾਂ ਸੰਕੇਤਾਂ ਉਤੇ ਅਧਾਰਿਤ ਹਨ, ਜਿਨ੍ਹਾਂ ਮੁਤਾਬਕ ਤਾਲਾਬੰਦੀ ਮਈ ਅੱਧ ਤੱਕ ਰਹਿ ਸਕਦੀ ਹੈ।