ਚੀਨ ਦੀ ਦੂਰਸੰਚਾਰ ਨੈੱਟਵਰਕ ਕੰਪਨੀ ਵਾਅਵੇਅ ਨੇ ਅੱਜ ਭਾਰਤ ਸਰਕਾਰ ਦਾ ਉਸ ਨੂੰ ਆਗਾਮੀ 5ਜੀ ਨੈੱਟਵਰਕ ਦੀ ਅਜ਼ਮਾਇਸ਼ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੇ ਜਾਣ ’ਤੇ ਧੰਨਵਾਦ ਕੀਤਾ ਹੈ। ਭਾਰਤ ਦਾ ਇਹ ਫ਼ੈਸਲਾ ਕੰਪਨੀ ਲਈ ਵੱਡੀ ਰਾਹਤ ਹੈ ਕਿਉਂਕਿ ਅਮਰੀਕਾ ਵਲੋਂ ‘ਕੌਮੀ ਸੁਰੱਖਿਆ ਨੂੰ ਖ਼ਤਰਾ’ ਦੱਸ ਕੇ ਇਸ ਕੰਪਨੀ ਨਾਲ ਕਾਰੋਬਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਲੋਂ ਹੋਰ ਮੁਲਕਾਂ ’ਤੇ ਵੀ ਇਸ ਚੀਨੀ ਕੰਪਨੀ ਨਾਲ ਕਥਿਤ ਤੌਰ ’ਤੇ ਸਬੰਧ ਨਾ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਸੰਚਾਰ ਤਕਨਾਲੋਜੀ ਦੇ ਖੇਤਰ ਵਿਚ 5ਜੀ ਨੈੱਟਵਰਕ ਅਤਿ-ਆਧੁਨਿਕ ਤਕਨੀਕ ਹੈ, ਜਿਸ ਦੀ ਡਾਊਨਲੋਡ ਰਫ਼ਤਾਰ ਮੌਜੂਦਾ 4ਜੀ ਨੈੱਟਵਰਕ ਨਾਲੋਂ 10 ਤੋਂ ਸੌ ਗੁਣਾ ਵਧੇਰੇ ਹੈ। 5ਜੀ ਨੈੱਟਵਰਕਿੰਗ ਅਗਲੀ ਪੀੜ੍ਹੀ ਦੇ ਮੋਬਾਈਲ ਯੰਤਰਾਂ ਦੇ ਨਾਲ-ਨਾਲ ਨਵੀਆਂ ਐਪਲੀਕੇਸ਼ਨਜ਼ ਜਿਵੇਂ ਬਿਨਾਂ-ਡਰਾਈਵਰ ਤੋਂ ਕਾਰਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ ’ਤੇ ਬਣੇ ਯੰਤਰਾਂ ’ਤੇ ਵੀ ਚੱਲੇਗਾ। ਭਾਰਤ ਦੇ ਟੈਲੀਕੌਮ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਬੀਤੇ ਦਿਨ ਕਿਹਾ ਸੀ ਕਿ ਸਰਕਾਰ ਵਲੋਂ ਸਾਰੇ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਨੂੰ 5ਜੀ ਨੈੱਟਵਰਕ ਦੀ ਅਜ਼ਮਾਇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਵਾਅਵੇਅ ਦੀ ਕੌਮਾਂਤਰੀ ਮੀਡੀਆ ਮਾਮਲਿਆਂ ਬਾਰੇ ਸੀਨੀਅਰ ਮੈਨੇਜਰ ਸਿਰਿਲ ਸ਼ੂ ਨੇ ਕਿਹਾ, ‘‘ਭਾਰਤ ਸਰਕਾਰ ਵਲੋਂ ਵਾਅਵੇਅ ਨੂੰ 5ਜੀ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤ ਸਰਕਾਰ ਵਲੋਂ ਸਾਡੇ ਉੱਪਰ ਲਗਾਤਾਰ ਭਰੋਸਾ ਕਰਨ ’ਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।’’
HOME ਚੀਨੀ ਕੰਪਨੀ ਵਾਅਵੇਅ ਵਲੋਂ ਭਾਰਤ ਸਰਕਾਰ ਦਾ ਧੰਨਵਾਦ