ਪਠਾਨਕੋਟ- ਚਿੱਟੇ ਸਮੇਤ ਬੀਤੇ ਦਿਨ ਫੜੇ ਗਏ ਨੌਜਵਾਨ ਆਕਾਸ਼ ਉਰਫ਼ ਕੈਸ਼ ਨੇ ਅੱਜ ਸਵੇਰੇ ਡਮਟਾਲ ਪੁਲੀਸ ਥਾਣੇ ਵਿਚ ਆਪਣੇ ਕੰਬਲ ਨਾਲ ਫਾਹਾ ਲੈ ਲਿਆ। ਪੁਲੀਸ ਕਾਹਲੀ ਵਿਚ ਉਸ ਨੂੰ ਇੰਦੌਰਾ ਦੇ ਹਸਪਤਾਲ ਵਿਚ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਸੂਚਨਾ ਵਾਰਸਾਂ ਨੂੰ ਮਿਲਣ ’ਤੇ ਭਾਰੀ ਗਿਣਤੀ ਲੋਕ ਪੁਲੀਸ ਥਾਣੇ ਪੁੱਜ ਗਏ ਅਤੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਪੁਲੀਸ ਦੇ ਕਬਜ਼ੇ ਵਿਚੋਂ ਲਾਸ਼ ਖੋਹਣ ਦੀ ਕੋਸ਼ਿਸ਼ ਕੀਤੀ ਪਰ ਕਸ਼ਮਕਸ਼ ਦੌਰਾਨ ਪੁਲੀਸ ਨੇ ਆਕਾਸ਼ ਦੀ ਲਾਸ਼ ਨੂੰ ਨੂਰਪੂਰ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਥਾਣੇ ਉੱਪਰ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਕੌਮੀ ਹਾਈਵੇਅ ਪਠਾਨਕੋਟ- ਜਲੰਧਰ ’ਤੇ ਜਾਮ ਲਗਾ ਦਿੱਤਾ। ਇਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਮੌਕੇ ’ਤੇ ਪੁੱਜੇ ਡੀਐੱਸਪੀ ਡਾ. ਸਾਹਿਲ ਅਰੋੜਾ ਨੇ ਵਾਰ ਵਾਰ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਐੱਸ.ਪੀ. ਕਾਂਗੜਾ ਵਿਮੁਕਤ ਰੰਜਨ ਵੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੈਜਿਸਟ੍ਰੇਟੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਮਗਰੋਂ ਲਾਸ਼ ਨੂੰ ਟਾਂਡਾ ਹਸਪਤਾਲ ਵਿਚ ਭੇਜ ਦਿੱਤਾ ਗਿਆ, ਜਿੱਥੇ ਭਲਕੇ 5 ਡਾਕਟਰਾਂ ’ਤੇ ਆਧਾਰਿਤ ਟੀਮ ਲਾਸ਼ ਦਾ ਪੋਸਟਮਾਰਟਮ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਭਦਰੋਆ ਵਿਚ ਚੈਕਿੰਗ ਦੌਰਾਨ ਪੁਲੀਸ ਨੇ ਜਮਵਾਲ ਰੈਸਤਰਾਂ ਨੇੜੇ 32.8 ਗ੍ਰਾਮ ਚਿੱਟੇ ਸਮੇਤ ਆਕਾਸ਼ ਕੁਮਾਰ ਉਰਫ਼ ਕੈਸ਼ ਵਾਸੀ ਭਦਰੋਆ ਤਹਿਸੀਲ ਇੰਦੌਰਾ ਨੂੰ ਕਾਬੂ ਕੀਤਾ ਸੀ।
ਪੁਲੀਸ, ਮੁਲਜ਼ਮ ਨੂੰ ਫੜ ਕੇ ਡਮਟਾਲ ਥਾਣੇ ਲੈ ਗਈ ਸੀ ਤੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਰੱਖਿਆ ਗਿਆ ਸੀ। ਉਸ ਨੇ ਅੱਜ ਸਵੇਰੇ 9.30 ਵਜੇ ਆਪਣੇ ਸੌਣ ਵਾਲੇ ਕੰਬਲ ਨਾਲ ਜੇਲ੍ਹ ਅੰਦਰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਐੱਸਪੀ ਕਾਂਗੜਾ ਵਿਮੁਕਤ ਰੰਜਨ ਨੇ ਸਪੱਸ਼ਟ ਕੀਤਾ ਕਿ ਨੌਜਵਾਨ ਨੇ ਥਾਣੇ ਅੰਦਰ ਖ਼ੁਦਕੁਸ਼ੀ ਕੀਤੀ ਹੈ। ਇਸ ਲਈ ਡਿਊਟੀ ’ਤੇ ਤਾਇਨਾਤ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਕਰਵਾਈ ਜਾਵੇਗੀ। ਜਾਂਚ ਦੌਰਾਨ ਜੇ ਹੋਰ ਵੀ ਕੋਈ ਪੁਲੀਸ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
INDIA ਚਿੱਟੇ ਸਮੇਤ ਫੜੇ ਨੌਜਵਾਨ ਨੇ ਥਾਣੇ ’ਚ ਫਾਹਾ ਲਿਆ