ਚਿੱਟੇ ਦਾ ਦਰਿਆ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਗੁਰਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕੱਲੌਤਾ ਪੁੱਤਰ ਸੀ । ਉਸ ਦੇ ਘਰ ਦੇ ਸਾਰੇ ਮੈਂਬਰਾਂ ਨੇ ਅੰਮ੍ਰਿਤ ਦਾ ਬਾਟਾ ਛਕਿਆ ਹੋਇਆ ਸੀ । ਉਸ ਦਾ ਪਿਤਾ ਅਤੇ ਦਾਦਾ ਬਹੁਤ ਹੀ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਸਨ। ਗੁਰਜਿੰਦਰ ਵੀ ਦਸਤਾਰ ਸਜਾਉਂਦਾ ਸੀ । ਪਹਿਲੀਆਂ ਬਾਰਾਂ ਜਮਾਤਾਂ ਉਸ ਨੇ ਪਿੰਡ ਦੇ ਸਕੂਲ ਵਿੱਚ ਰਹਿ ਕੇ ਹੀ ਪਾਸ ਕੀਤੀਆਂ, ਆਪਣੀ ਅਗਲੇਰੀ ਪੜ੍ਹਾਈ ਲਈ ਉਸ ਨੇ ਸ਼ਹਿਰ ਦੇ ਇਕ ਪ੍ਰਾਈਵੇਟ ਕਾਲਜ ਵਿਚ ਦਾਖਲਾ ਲਿਆ।

ਗੁਰਜਿੰਦਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਰੁਚੀ ਰੱਖਦਾ ਸੀ, ਉਸ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬਹੁਤ ਪਹਿਚਾਣ ਬਣਾ ਲਈ ਸੀ। ਉਹ ਫੁੱਟਬਾਲ ਟੀਮ ਦਾ ਕੈਪਟਨ ਚੁਣਿਆ ਗਿਆ ਤੇ ਉਨ੍ਹਾਂ ਦੀ ਟੀਮ ਨੇ ਨੈਸ਼ਨਲ ਪੱਧਰ ਤੇ ਖੇਡਣ ਲਈ ਜਾਣਾ ਸੀ। ਗੁਰਜਿੰਦਰ ਨਾਲ ਬਹੁਤ ਸਾਰੇ ਮੁੰਡੇ ਖਾਰ ਖਾਣ ਲੱਗੇ ਸੀ , ਉਹ ਮੁੰਡੇ ਉਸ ਦੇ ਆਪਣੇ ਹੀ ਪਿੰਡ ਦੇ ਸਨ। ਉਨ੍ਹਾਂ ਨੇ ਗੁਰਜਿੰਦਰ ਤੇ ਬਹੁਤ ਸਾਰੇ ਜਾਲ ਵਿਛਾਏ ਪਰ ਕੋਈ ਅਸਰ ਨਾ ਹੋਇਆ । ਗੁਰਜਿੰਦਰ ਦਾ ਸਾਰਾ ਪਰਿਵਾਰ ਹੀ ਧਾਰਮਿਕ ਵਿਚਾਰਾਂ ਵਾਲਾ ਸੀ ਉਨ੍ਹਾਂ ਦਾ ਨਸ਼ੇ ਨਾਲ ਨੇੜੇ ਤੇੜੇ ਵੀ ਕੋਈ ਸਬੰਧ ਨਹੀਂ ਸੀ। ਉਸ ਦੇ ਵਿਰੋਧੀਆਂ ਨੇ ਗੁਰਜਿੰਦਰ ਤੇ ਚਿੱਟੇ ਦਾ ਜਾਲ ਵਿਛਾਉਣ ਦੀ ਜੁਗਤ ਬਣਾਈ । ਉਨ੍ਹਾਂ ਨੇ ਪਹਿਲਾਂ ਉਸ ਨਾਲ ਦੋਸਤੀ ਪਾ ਕੇ ਉਸ ਦਾ ਵਿਸ਼ਵਾਸ ਜਿੱਤਿਆ।

ਫਿਰ ਜਦੋਂ ਗੁਰਜਿੰਦਰ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਜਾਂਦਾ ਤਾਂ ਉਹ ਉਸ ਨੂੰ ਪਾਣੀ ਪਿਆਉਂਦੇ ਜਿਸ ਵਿੱਚ ਚਿੱਟਾ ਮਿਲਾ ਦਿੰਦੇ। ਹੌਲੀ ਹੌਲੀ ਉਨ੍ਹਾਂ ਨੇ ਗੁਰਜਿੰਦਰ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ । ਉਸ ਨੇ ਖੇਡਣਾ ਵੀ ਛੱਡ ਦਿੱਤਾ , ਉਹ ਸਾਰਾ ਦਿਨ ਕਾਲਜ ਦੀ ਪਾਰਕ ਵਿਚ ਬੈਠਾ ਰਹਿੰਦਾ । ਉਸ ਨੇ ਮੁੰਡਿਆਂ ਦੇ ਮਗਰ ਲੱਗ ਕੇ ਵਾਲ ਵੀ ਕਟਵਾ ਦਿੱਤੇ ਤੇ ਸਾਰਾ ਦਿਨ ਲੜਾਈਆਂ ਕਰਦਾ ਰਹਿੰਦਾ । ਗੁਰਜਿੰਦਰ ਦੇ ਇਸ ਵਤੀਰੇ ਨਾਲ ਗੁਰਜਿੰਦਰ ਦਾ ਪਰਿਵਾਰ ਵੀ ਸਦਮੇ ਵਿੱਚ ਸੀ । ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਕਿ ਉਸ ਨੇ ਉਸ ਦੇ ਵਾਲਾਂ ਨੂੰ ਬਹੁਤ ਹੀ ਚਾਵਾਂ ਨਾਲ ਸਾਂਭਿਆ ਸੀ। ਹੌਲੀ ਹੌਲੀ ਉਸਦੀਆਂ ਹਰਕਤਾਂ ਬਾਰੇ ਉਸ ਦੇ ਪਰਿਵਾਰ ਨੂੰ ਵੀ ਬਾਹਰੋਂ ਕਨਸੋਆਂ ਮਿਲਣ ਲੱਗੀਆਂ।

ਇੱਕ ਦਿਨ ਗੁਰਜਿੰਦਰ ਦੇ ਦੋਸਤਾਂ ਨੇ ਉਸ ਨੂੰ ਚਿੱਟੇ ਦੀ ਡੋਜ਼ ਜ਼ਿਆਦਾ ਦੇ ਦਿੱਤੀ, ਜਿਸ ਕਾਰਨ ਉਸ ਦੀ ਹਾਲਤ ਬਹੁਤ ਗੰਭੀਰ ਹੋ ਗਈ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਉੱਥੇ ਉਸ ਦੇ ਪਰਿਵਾਰ ਨੂੰ ਉਸਦੇ ਨਸ਼ਾ ਕਰਨ ਬਾਰੇ ਪਤਾ ਲੱਗਿਆ, ਜਿਸ ਕਾਰਨ ਸਾਰਾ ਪਰਿਵਾਰ ਟੁੱਟ ਗਿਆ ਸੀ । ਉਨ੍ਹਾਂ ਨੇ ਉਸ ਮੁੰਡੇ ਕਰਮੇ ਤੇ ਵੀ ਕੇਸ ਕੀਤਾ  ਪਰ ਉਹ ਸਰਪੰਚ ਦਾ ਮੁੰਡਾ ਹੋਣ ਕਰਕੇ ਛੁੱਟ ਗਿਆ। ਉਸ ਸਰਪੰਚ ਦੇ ਮੁੰਡੇ ਨੇ ਹੋਰ ਪਤਾ ਨਹੀਂ ਕਿੰਨੇ ਗੁਰਜਿੰਦਰਾ ਦੀ ਜ਼ਿੰਦਗੀ ਨਾਲ ਖੇਡਿਆ ਸੀ ਪਰ ਸਰਪੰਚ ਨੂੰ ਇਸ ਗੱਲ ਦਾ ਭੇਤ ਨਹੀਂ ਸੀ ਕਿ ਉਸ ਦਾ ਖੁਦ ਦਾ ਪੁੱਤ ਵੀ ਇਸ ਚਿੱਟੇ ਦਰਿਆ ਵਿੱਚ ਫਸਿਆ ਹੋਇਆ ਸੀ।

ਗੁਰਜਿੰਦਰ ਦਾ ਦਾਦਾ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਸੀ, ਉਸ ਨੂੰ ਗੁਰੂ ਸਾਹਿਬ ਦੀਆਂ ਸਾਰੀਆਂ ਸਾਖੀਆਂ ਚੇਤੇ ਸਨ। ਉਹ ਗੁਰਜਿੰਦਰ ਕੋਲ ਹਸਪਤਾਲ ਵਿੱਚ ਰਿਹਾ ਤੇ ਉਹ ਬੇਹੋਸ਼ ਪਏ ਗੁਰਜਿੰਦਰ ਕੋਲੋਂ ਗੁਰਬਾਣੀ ਦੀਆਂ ਤੁਕਾਂ ਉਚਾਰਦਾ ਰਹਿੰਦਾ ।ਗੁਰਜਿੰਦਰ ਹੁਣ ਜ਼ਿੰਦਾ ਲਾਸ਼ ਬਣਿਆ ਪਿਆ ਸੀ ਸ਼ਾਇਦ ਇਸ ਚਿੱਟੇ ਦਰਿਆ ਨੇ ਉਸ ਦੇ ਲਹੂ ਨੂੰ ਵੀ ਚਿੱਟਾ ਬਣਾ ਦਿੱਤਾ ਸੀ। ਉਸਦੀ ਮਾਂ ਸਾਰਾ ਦਿਨ ਰੋਂਦੀ ਕੁਰਲਾਉਂਦੀ ਰਹਿੰਦੀ , ਪਤਾ ਨਹੀਂ ਕਿੰਨੀਆਂ ਕੁ ਸੁੱਖਣਾ ਉਹੋ ਸੁੱਖ ਚੁੱਕੀ ਸੀ। ਇਕ ਦਿਨ ਅਚਾਨਕ ਗੁਰਜਿੰਦਰ ਬੋਲਿਆ ਜਿਵੇਂ ਉਸ ਦੀ ਮਾਂ ਦੀ ਕੋਈ ਦੁਆ ਕਬੂਲ ਹੋ ਗਈ ਹੋਵੇ , ਉਸ ਨੇ ਆਪਣੇ ਦਾਦਾ ਜੀ ਨੂੰ ਗੁਰੂ ਸਾਹਿਬ ਦੀ ਕੋਈ ਸਾਖੀ ਸੁਣਾਉਣ ਲਈ ਕਿਹਾ।

ਉਹ ਪਹਿਲਾਂ ਵੀ ਜਦੋਂ ਉਸ ਦਾ ਮਨ ਅਸ਼ਾਂਤ ਹੁੰਦਾ ਸੀ ਆਪਣੇ ਦਾਦਾ ਜੀ ਕੋਲੋਂ ਸਾਖੀਆਂ ਸੁਣਦਾ ਸੀ । ਉਸ ਦੇ ਦਾਦੇ ਦੀ ਜਾਨ ਵਿੱਚ ਜਿਵੇਂ ਜਾਨ ਪੈ ਗਈ ਹੋਵੇ , ਉਸ ਨੇ ਗੁਰੂ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਉਹ ਸਾਖੀ ਸੁਣਾਉਂਦਾ ਗਿਆ ਤਿਵੇਂ ਤਿਵੇਂ ਗੁਰਜਿੰਦਰ ਦੇ ਅੰਗ ਕੰਮ ਕਰਨ ਲੱਗੇ। ਬੇਸ਼ੱਕ ਉਸ ਨੂੰ ਨਸ਼ੇ ਦੀ ਤੋੜ ਲੱਗਦੀ ਸੀ ਪਰ ਉਹ ਗੁਰੂ ਸਾਹਿਬ ਦੇ ਜੀਵਨ ਬਾਰੇ ਸੋਚਦਾ ਰਹਿੰਦਾ ।ਤਕਰੀਬਨ ਇੱਕ ਮਹੀਨੇ ਵਿੱਚ ਉਹ ਠੀਕ ਹੋਣ ਲੱਗਾ, ਉਸ ਦੇ ਪਰਿਵਾਰ ਵਿੱਚ ਵੀ ਉਹੀ ਰੌਣਕ ਵਾਪਸ ਆਉਣ ਲੱਗੀ । ਜਦੋਂ ਗੁਰਜਿੰਦਰ ਨੂੰ ਘਰ ਲਿਆਂਦਾ ਗਿਆ ਤਾਂ ਸਾਰੇ ਪਿੰਡ ਨੇ ਉਸ ਦਾ ਸਵਾਗਤ ਕੀਤਾ ।

ਉੱਧਰ ਕਰਮਾ ਚਿੱਟਾ ਸਪਲਾਈ ਕਰਦਾ ਪਿੰਡ ਵਾਲਿਆਂ ਨੇ ਰੰਗੇ ਹੱਥੀਂ ਫੜ ਲਿਆ ਸੀ , ਉਸ ਦੀ ਖੂਬ ਕੁਟਾਈ ਕੀਤੀ ਅਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ । ਜਿੱਥੇ ਉਸ ਨੂੰ ਨਸ਼ਾ ਨਾ ਮਿਲਣ ਕਾਰਨ ਕੁਝ ਕੁ ਦਿਨਾਂ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ । ਇਸਤੋਂ ਸਰਪੰਚ ਨੇ ਬਹੁਤ ਵੱਡਾ ਸਬਕ ਲਿਆ ਸੀ ਕਿ  ਪੈਸਿਆਂ ਪਿੱਛੇ ਦੂਜਿਆਂ ਦਾ ਘਰ ਪੱਟਣ ਵਾਲਾ ਅੱਜ ਖ਼ੁਦ ਬਰਬਾਦ ਹੋ ਚੁੱਕਾ ਸੀ। ਗੁਰਜਿੰਦਰ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਸਿਤਾਰੇ ਚਿੱਟੇ ਦਾ ਦਰਿਆ ਆਪਣੇ ਨਾਲ ਰੋੜ੍ਹ ਕੇ ਲੈ ਗਿਆ । ਗੁਰਜਿੰਦਰ ਦਾ ਆਤਮ ਵਿਸ਼ਵਾਸ ਤੇ ਪਰਿਵਾਰ ਦਾ ਸਾਥ ਉਸ ਨੂੰ ਬਾਹਰ ਖਿੱਚ ਲਿਆਇਆ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗੀ ਜਿਉਂ ਰਿਹਾ ਹੈ ।

ਛੇਵਾਂ ਦਰਿਆ ਚਿੱਟੇ ਵਾਲਾ ਚੱਲਿਆ,  ਪਤਾ ਨਹੀ ਇਹਨੇ ਕਿੰਨੇ ਕੁ ਪਿੰਡਾਂ ਨੂੰ ਮੱਲਿਆ,
ਸੋਨੇ ਵਰਗੀ ਇਹ ਸਾਡੀ ਜਵਾਨੀ ਖਾ ਗਿਆ ,
ਦੁੱਧ ਨਾਲ ਪਾਲੇ ਜਿਹੜੇ ਪੁੱਤ ਮਾਵਾਂ ਨੇ,
ਉਨ੍ਹਾਂ ਨੂੰ ਇਹ ਸੂਟਿਆਂ ਤੇ ਲਾ ਗਿਆ।

            ਮਨਦੀਪ ਕੌਰ ਦਰਾਜ
            98775-67020 

Previous articleਉੱਘੇ ਗ਼ਜ਼ਲਕਾਰ ਰਣਜੀਤ ਸਿੰਘ ਧੂਰੀ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 24 ਜਨਵਰੀ ਨੂੰ
Next articleਸਹਿਕਾਰੀ ਬੈਂਕ ਵੱਲੋਂ ਗਾਹਕ ਜਾਗਰੂਕਤਾ ਕੈਂਪ ਲਗਵਾਇਆ