ਕਾਂਗਰਸ ਨੇ ਅੱਜ 10 ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਤਾਮਿਲਨਾਡੂ ਦੇ ਸ਼ਿਵਗੰਗਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਵਿਰੁੱਧ ਭਿ੍ਸ਼ਟਾਚਾਰ ਦੇ ਦੋਸ਼ ਹੇਠ ਕੇਸ ਚੱਲਦੇ ਹਨ। ਇਸ ਸੂਚੀ ਵਿੱਚ ਮਹਾਰਾਸ਼ਟਰ ਤੋਂ ਚਾਰ, ਬਿਹਾਰ ਤੋਂ ਤਿੰਨ ਅਤੇ ਤਾਮਿਲਨਾਡੂ, ਜੰਮੂ ਕਸ਼ਮੀਰ ਅਤੇ ਕਰਨਾਟਕ ਤੋਂ ਇੱਕ-ਇੱਕ ਉਮੀਦਵਾਰ ਦਾ ਨਾਂਅ ਸ਼ਾਮਲ ਹੈ। ਤਾਰਿਕ ਅਨਵਰ ਨੂੰ ਬਿਹਾਰ ਦੇ ਕਟਿਹਾਰ ਤੋਂ ਤੇ ਪੱਪੂ ਸਿੰਘ ਨੂੰ ਪੂਰਨੀਆ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬੰਗਲੌਰ ਤੋਂ ਬੀਕੇ ਹਰੀ ਪ੍ਰਸਾਦ ਅਤੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਹਾਜੀ ਫਾਰੂਕ ਮੀਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 227 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਤਿੰਨ ਲੋਕ ਸਭਾ ਹਲਕਿਆਂ ਮਥੁਰਾ, ਅਮਰੋਹਾ ਅਤੇ ਔਨਲਾ ਤੋਂ ਉਮੀਦਵਾਰ ਐਲਾਨ ਦਿੱਤੇ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ ਅਮਰੋਹਾ ਤੋਂ ਰਾਸ਼ਿਦ ਅਲਵੀ, ਮਥੁਰਾ ਤੋਂ ਮਹੇਸ਼ ਪਾਠਕ ਅਤੇ ਔਨਲਾ ਤੋਂ ਕੁੰਵਰ ਸਰਵਰਾਜ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਰਾਸ਼ਿਦ ਅਲਵੀ ਜੋ ਪਾਰਟੀ ਦੇ ਸਾਬਕਾ ਬੁਲਾਰੇ ਹਨ, ਇੱਕ ਵਾਰ ਅਮਰੋਹਾ ਤੋਂ ਲੋਕ ਸਭਾ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਹ ਦੋ ਵਾਰ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਕੁੰਵਰ ਸਰਵਰਾਜ ਸਿੰਘ ਤਿੰਨ ਵਾਰ ਔਨਲਾ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। 1996 ਅਤੇ 1999 ਵਿੱਚ ਉਹ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਹਨ। 2004 ਵਿੱਚ ਉਹ ਜਨਤਾ ਦਲ (ਯੂਨਾਟੀਟਿਡ) ਦੀ ਟਿਕਟ ਤੋਂ ਚੁਣੇ ਗਏ ਸਨ। ਮਥੁਰਾ ਤੋਂ ਐਲਾਨੇ ਕਾਂਗਰਸ ਉਮੀਦਵਾਰ ਮਹੇਸ਼ ਕੁਮਾਰ ਸ਼ਹਿਰ ਦੇ ਉੱਘੇ ਕਾਰੋਬਾਰੀ ਹਨ।
HOME ਚਿਦੰਬਰਮ ਦੇ ਪੁੱਤਰ ਨੂੰ ਸ਼ਿਵਗੰਗਾ ਤੋਂ ਟਿਕਟ