(ਸਮਾਜ ਵੀਕਲੀ)
ਚਾਹੇ ਉਸ ਨੇ ਸਾਡੇ ਨਾ’ ਕੀਤੀ ਵਫ਼ਾ ਕੋਈ ਨਹੀਂ ,
ਫਿਰ ਵੀ ਸਾਨੂੰ ਦੋਸਤੋ , ਉਸ ਤੇ ਗਿਲਾ ਕੋਈ ਨਹੀਂ ।
ਕੋਈ ਕਾਮਾ ਕਾਰ ਥੱਲੇ ਆ ਕੇ ਜ਼ਖਮੀ ਹੋ ਗਿਐ ,
ਉਸ ਦੀ ਨਾਜ਼ੁਕ ਵੇਖ ਹਾਲਤ ਤੜਪਿਆ ਕੋਈ ਨਹੀਂ ।
ਰੋਜ਼ ਇਥੇ ਮਰਦਾ ਹੈ ਕੋਈ ਨਾ ਕੋਈ ਦੋਸਤੋ ,
ਮਰ ਕੇ ਉਸ ਨੂੰ ਕੀ ਹੈ ਮਿਲਦਾ , ਜਾਣਦਾ ਕੋਈ ਨਹੀਂ ।
ਬੰਦਾ ਰੱਬ ਦੇ ਭੇਤ ਜਾਨਣ ਦੀ ਕਰੇ ਕੋਸ਼ਿਸ਼ ਬੜੀ ,
ਜ਼ੋਰ ਪਰ ਰੱਬ ਅੱਗੇ ਉਸ ਦਾ ਚਲਦਾ ਕੋਈ ਨਹੀਂ ।
ਊਰਜਾ ਦੇ ਸੋਮੇ ਵਰਤੇ ਜਾ ਰਹੇ ਬੇਰਹਿਮੀ ਨਾ’ ,
ਆਉਣ ਵਾਲੇ ਖਤਰੇ ਬਾਰੇ ਸੋਚਦਾ ਕੋਈ ਨਹੀਂ ।
ਬਾਗ ਦੇ ਬੂਟੇ ਗਏ ਨੇ ਮੁਰਝਾ ਪਾਣੀ ਤੋਂ ਬਿਨਾਂ ,
ਤਾਂ ਹੀ ਇਸ ਵਿਚ ਦੋਸਤੋ , ਫੁੱਲ ਮਹਿਕਿਆ ਕੋਈ ਨਹੀਂ ।
ਪੈਸੇ ਦੇ ਲਾਲਚ ਨੇ ਹਰ ਰਿਸ਼ਤੇ ‘ਤੇ ਮਾਰੀ ਸੱਟ ਹੈ ,
ਸਾਨੂੰ ਚਾਹੁਣ ਵਾਲਿਆਂ ਵਿਚ ਬਾ ਵਫਾ ਕੋਈ ਨਹੀਂ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554