ਪੰਜਾਬ ਵਿੱਚ ਹਾੜੀ ਦੀਆਂ ਫਸਲਾਂ ਤਬਾਹ;
ਕੈਪਟਨ ਅਮਰਿੰਦਰ ਸਿੰਘ ਨੇ ਗਿਰਦਾਵਰੀ ਦੇ ਹੁਕਮ ਦਿੱਤੇ
ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ’ਚ ਮੰਗਲਵਾਰ ਨੂੰ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੀਂਹ ਅਤੇ ਹਨੇਰੀ ਕਾਰਨ ਗੁਜਰਾਤ ਅਤੇ ਰਾਜਸਥਾਨ ’ਚ ਸੰਪਤੀ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਰਾਜਸਥਾਨ ’ਚ ਸਭ ਤੋਂ ਵੱਧ 21 ਮੌਤਾਂ ਹੋਈਆਂ ਹਨ। ਮੀਂਹ ਕਾਰਨ ਮੱਧ ਪ੍ਰਦੇਸ਼ ’ਚ 15, ਗੁਜਰਾਤ ’ਚ 10 ਅਤੇ ਮਹਾਰਾਸ਼ਟਰ ’ਚ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ’ਚ ਮੀਂਹ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਅਤੇ ਟਵਿੱਟਰ ’ਤੇ ਰਾਹਤ ਦਾ ਐਲਾਨ ਕੀਤਾ। ਇਸ ਮਗਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ਸਿਰਫ਼ ਆਪਣੇ ਗ੍ਰਹਿ ਸੂਬੇ ਗੁਜਰਾਤ ਲਈ ਫਿਕਰਮੰਦ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਾਅਦ ’ਚ ਕੀਤੇ ਗਏ ਟਵੀਟ ’ਚ ਕਿਹਾ ਗਿਆ ਕਿ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ’ਚ ਬੇਮੌਸਮੀ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਇਕ ਹੋਰ ਟਵੀਟ ’ਚ ਪੀਐਮਓ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ’ਚ ਮੀਂਹ ਅਤੇ ਹਨੇਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੇ ਵਾਰਿਸਾਂ ਲਈ ਪ੍ਰਧਾਨ ਮੰਤਰੀ ਦੇ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ’ਚ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਜੈਪੁਰ ’ਚ ਰਾਜਸਥਾਨ ਦੇ ਰਾਹਤ ਸਕੱਤਰ ਆਸ਼ੂਤੋਸ਼ ਪੇਡਨੇਕਰ ਨੇ ਦੱਸਿਆ ਕਿ ਮੀਂਹ ਕਾਰਨ 21 ਵਿਅਕਤੀਆਂ ਦੀ ਮੌਤ ਹੋਈ ਹੈ। ਪੀੜਤਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਮੌਸਮ ਦੀ ਮਾਰ ਜਾਨਵਰਾਂ ’ਤੇ ਵੀ ਪਈ ਅਤੇ ਕਈ ਪਸ਼ੂ ਮਾਰੇ ਗਏ। ਭੁਪਾਲ ’ਚ ਅਧਿਕਾਰੀਆਂ ਨੇ ਕਿਹਾ ਕਿ ਤੇਜ਼ ਹਨੇਰੀ ਨਾਲ ਮੀਂਹ ਅਤੇ ਬਿਜਲੀ ਡਿੱਗਣ ਕਰਕੇ ਸੂਬੇ ’ਚ 15 ਵਿਅਕਤੀ ਮਾਰੇ ਗਏ ਹਨ। ਮੁੱਖ ਮੰਤਰੀ ਕਮਲਨਾਥ ਨੇ ਮੌਤਾਂ ’ਤੇ ਦੁੱਖ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ,‘‘ਮੋਦੀ ਜੀ, ਤੁਸੀ਼ਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਇਕੱਲੇ ਗੁਜਰਾਤ ਦੇ। ਮੱਧ ਪ੍ਰਦੇਸ਼ ’ਚ ਵੀ ਮੀਂਹ ਅਤੇ ਬਿਜਲੀ ਡਿੱਗਣ ਕਰਕੇ ਲੋਕਾਂ ਦੀ ਮੌਤ ਹੋਈ ਹੈ ਪਰ ਤੁਸੀਂ ਹਮਦਰਦੀ ਸਿਰਫ਼ ਗੁਜਰਾਤ ਤਕ ਹੀ ਕਿਉਂ ਸੀਮਤ ਰੱਖੀ ਹੈ? ਇਥੇ ਭਾਵੇਂ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਲੋਕ ਇਥੇ ਵੀ ਵਸਦੇ ਹਨ।’’ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਮਲਨਾਥ ’ਤੇ ਮੌਤਾਂ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਇਆ। ਭਾਜਪਾ ਤਰਜਮਾਨ ਅਨਿਲ ਬਲੂਨੀ ਨੇ ਦਿੱਲੀ ’ਚ ਕਿਹਾ ਕਿ ਕਮਲਨਾਥ ਪ੍ਰਕਿਰਿਆ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਕਿ ਸੂਬਾ ਸਰਕਾਰ ਨੂੰ ਰਾਹਤ ਲੈਣ ਲਈ ਪਹਿਲਾਂ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਬਾਰੇ ਕੇਂਦਰ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਪਰ ਉਹ ਅਜਿਹਾ ਕਰਨ ਦੀ ਬਜਾਏ ਟਵੀਟ ਕਰਕੇ ਇਸ ਦਾ ਸਿਆਸੀਕਰਨ ਕਰ ਰਹੇ ਹਨ। ਉਧਰ ਅਹਿਮਦਾਬਾਦ ’ਚ ਗੁਜਰਾਤ ਸਰਕਾਰ ਦੀ ਰਾਹਤ ਮੁਹਿੰਮ ਦੇ ਡਾਇਰੈਕਟਰ ਜੀ ਬੀ ਮੰਗਲਪਾਰਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੀਂਹ ਅਤੇ ਹਨੇਰੀ ਕਰਕੇ ਉੱਤਰੀ ਗੁਜਰਾਤ ਅਤੇ ਸੌਰਾਸ਼ਟਰ ਖ਼ਿੱਤੇ ’ਚ 10 ਵਿਅਕਤੀ ਮਾਰੇ ਗਏ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਾਹੋਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਗੁਜਰਾਤ ’ਚ ਜ਼ਿਆਦਾਤਰ ਮੌਤਾਂ ਬਿਜਲੀ ਅਤੇ ਦਰੱਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਕਾਰਨ ਵਾਪਰੀਆਂ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਮੰਗਲਵਾਰ ਨੂੰ ਮੀਂਹ ਪੈਣ ਦੌਰਾਨ ਡਿਜਲੀ ਡਿੱਗਣ ਕਰਕੇ 71 ਵਰ੍ਹਿਆਂ ਦੀ ਬਜ਼ੁਰਗ, 32 ਵਰ੍ਹਿਆਂ ਦੇ ਨੌਜਵਾਨ ਅਤੇ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ।