ਜੰਮੂ ਕਸ਼ਮੀਰ ’ਚ ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਸਮੇਤ ਚਾਰ ਵੱਖਵਾਦੀ ਆਗੂਆਂ ਤੋਂ ਐਤਵਾਰ ਨੂੰ ਸੁਰੱਖਿਆ ਛਤਰੀ ਵਾਪਸ ਲੈ ਲਈ ਗਈ ਹੈ। ਪੁਲਵਾਮਾ ਦਹਿਸ਼ਤੀ ਹਮਲੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਰਵਾਇਜ਼ ਤੋਂ ਇਲਾਵਾ ਸਾਬਕਾ ਚੇਅਰਮੈਨ ਅਬਦੁੱਲ ਗਨੀ ਭੱਟ, ਬਿਲਾਲ ਲੋਨ ਅਤੇ ਸ਼ਬੀਰ ਸ਼ਾਹ ਦੀ ਸੁਰੱਖਿਆ ਵਾਪਸ ਲਈ ਗਈ ਹੈ। ਇਸ ਬਾਬਤ ਕਮਿਸ਼ਨਰ ਸਕੱਤਰ (ਗ੍ਰਹਿ) ਸ਼ਾਲੀਨ ਕਾਬਰਾ ਨੇ ਸ਼ਾਮ ਨੂੰ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਦਿਨ ਵੇਲੇ ਜਾਰੀ ਸਰਕਾਰੀ ਬਿਆਨ ’ਚ ਹਾਸ਼ਿਮ ਕੁਰੈਸ਼ੀ ਦਾ ਨਾਮ ਵੀ ਸ਼ਾਮਲ ਸੀ ਪਰ ਬਾਅਦ ’ਚ ਇਸ ਨੂੰ ਹਟਾ ਲਿਆ ਗਿਆ। ਹੁਕਮਾਂ ’ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਜੰਮੂ ’ਚ ਬੈਠਕ ਕਰਕੇ ਹੋਰ ਆਗੂਆਂ ਨੂੰ ਦਿੱਤੀ ਗਈ ਸੁਰੱਖਿਆ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ।
ਮੀਰਵਾਇਜ਼ ਨੂੰ ‘ਵਾਈ’ ਸੁਰੱਖਿਆ ਮਿਲੀ ਹੋਈ ਸੀ ਅਤੇ ਉਸ ਦੀ ਰਿਹਾਇਸ਼ ’ਤੇ 26 ਪੁਲੀਸਕਰਮੀ ਤਾਇਨਾਤ ਸਨ। ਉਸ ਨੂੰ ਤਿੰਨ ਪੁਲੀਸ ਵਾਹਨ ਵੀ ਮਿਲੇ ਹੋਏ ਸਨ। ਸੱਜਾਦ ਲੋਨ ਦੇ ਭਰਾ ਬਿਲਾਲ ਲੋਨ ਨੂੰ 10 ਪੁਲੀਸ ਕਰਮੀਆਂ ਨਾਲ ‘ਐਕਸ’ ਸੁਰੱਖਿਆ ਮਿਲੀ ਹੋਈ ਸੀ। ਸ਼ਬੀਰ ਸ਼ਾਹ ਉੱਚ ਸੁਰੱਖਿਆ ਵਾਲੀ ਤਿਹਾੜ ਜੇਲ੍ਹ ’ਚ ਬੰਦ ਹੈ। ਉਸ ਦੀ ਪਤਨੀ ਡਾਕਟਰ ਬਿਲਕੀਸ ਨੇ ਕਿਹਾ ਕਿ ਉਸ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਹੋਈ ਹੈ ਅਤੇ ਸੂਚੀ ’ਚ ਉਸ ਦਾ ਨਾਮ ਮਹਿਜ਼ ਪ੍ਰਚਾਰ ਲਈ ਰੱਖਿਆ ਗਿਆ ਹੈ।
ਦਹਿਸ਼ਤਗਰਦਾਂ ਨੇ ਉਮਰ ਦੇ ਪਿਤਾ ਮੀਰਵਾਇਜ਼ ਫਾਰੂਕ ਦੀ 1990 ’ਚ ਅਤੇ ਬਿਲਾਲ ਗਨੀ ਲੋਨ ਦੇ ਪਿਤਾ ਅਬਦੁੱਲ ਗਨੀ ਲੋਨ ਦੀ 2002 ’ਚ ਹੱਤਿਆ ਕਰ ਦਿੱਤੀ ਸੀ। ਕੁਝ ਦਹਿਸ਼ਤੀ ਗੁੱਟਾਂ ਵੱਲੋਂ ਇਨ੍ਹਾਂ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਗਰੋਂ ਸੂਬਾ ਸਰਕਾਰ ਨੇ ਕੇਂਦਰ ਨਾਲ ਸਲਾਹ ਕਰਕੇ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਸੁਰੱਖਿਆ ਦਿੱਤੀ ਸੀ। ਪਾਕਿਸਤਾਨ ਪੱਖੀ ਵੱਖਵਾਦੀ ਆਗੂਆਂ ਸੱਯਦ ਅਲੀ ਸ਼ਾਹ ਗਿਲਾਨੀ ਅਤੇ ਜੇਕੇਐਲਐਫ ਮੁਖੀ ਯਾਸੀਨ ਮਲਿਕ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਸੀ।
ਉਧਰ ਹੁਰੀਅਤ ਤਰਜਮਾਨ ਨੇ ਸਰਕਾਰੀ ਹੁਕਮ ਨੂੰ ਪ੍ਰਚਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਕਸ਼ਮੀਰ ਵਿਵਾਦ ਜਾਂ ਜ਼ਮੀਨੀ ਹਾਲਾਤ ’ਤੇ ਕੋਈ ਅਸਰ ਨਹੀਂ ਪਏਗਾ। ਉਸ ਨੇ ਕਿਹਾ ਕਿ ਜਦੋਂ ਵੀ ਇਹ ਮੁੱਦਾ ਉਭਾਰਿਆ ਜਾਂਦਾ ਸੀ ਤਾਂ ਮੀਰਵਾਈਜ਼ ਜਾਮੀਆ ਮਸਜਿਦ ਤੋਂ ਐਲਾਨ ਕਰਦੇ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਛਤਰੀ ਵਾਪਸ ਲੈ ਸਕਦੀ ਹੈ। ਤਰਜਮਾਨ ਨੇ ਕਿਹਾ,‘‘ਹੁਰੀਅਤ ਆਗੂਆਂ ਨੇ ਕਦੇ ਵੀ ਸੁਰੱਖਿਆ ਦੀ ਮੰਗ ਨਹੀਂ ਕੀਤੀ। ਦਰਅਸਲ ਸਰਕਾਰ ਨੇ ਹੀ ਉਨ੍ਹਾਂ ਨੂੰ ਜਵਾਨ ਨਾਲ ਰੱਖਣ ’ਤੇ ਜ਼ੋਰ ਦਿੱਤਾ ਸੀ। ਉਸ ਵੇਲੇ ਸਰਕਾਰ ਨੇ ਹੀ ਫ਼ੈਸਲਾ ਲਿਆ ਸੀ ਅਤੇ ਅੱਜ ਸੁਰੱਖਿਆ ਹਟਾਉਣ ਦਾ ਫ਼ੈਸਲਾ ਵੀ ਉਨ੍ਹਾਂ ਨੇ ਹੀ ਕੀਤਾ ਹੈ। ਸਾਡੇ ਲਈ ਇਹ ਕੋਈ ਮੁੱਦਾ ਨਹੀਂ ਹੈ।’’
INDIA ਚਾਰ ਵੱਖਵਾਦੀ ਆਗੂਆਂ ਤੋਂ ਸੁਰੱਖਿਆ ਵਾਪਸ ਲਈ