ਪਾਕਿਸਤਾਨ ਦੇ ਮੁੱਖ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ-ਉੱਲ-ਹੱਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਟੈਸਟ ਮੈਚ ਨੂੰ ਚਾਰ ਰੋਜ਼ਾ ਕਰ ਦਿੱਤਾ ਗਿਆ ਤਾਂ ਤੇਜ਼ ਗੇਂਦਬਾਜ਼ਾਂ ਦੀਆਂ ਸੱਟਾਂ ਦਾ ਜੋਖ਼ਮ ਵੀ ਵਧ ਜਾਵੇਗਾ।
ਇਸ ਤਰ੍ਹਾਂ ਉਹ ਵੀ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ, ਜਿਨ੍ਹਾਂ ਨੇ ਆਈਸੀਸੀ ਦੀ ਰਵਾਇਤੀ ਵੰਨਗੀ ਵਿੱਚ ਛੇੜਛਾੜ ਦੀ ਤਜਵੀਜ਼ ਦਾ ਵਿਰੋਧ ਕੀਤਾ ਸੀ। ਮਿਸਬਾਹ ਨੇ ਪੀਸੀਬੀ ਦੀ ਵੈੱਬਸਾਈਟ ’ਤੇ ਜਾਰੀ ਵੀਡੀਓ ਵਿੱਚ ਕਿਹਾ, ‘‘ਇੱਕ ਤੇਜ਼ ਗੇਂਦਬਾਜ਼ ਹੁਣ ਇੱਕ ਪਾਰੀ ਦੌਰਾਨ ਆਮ ਤੌਰ ’ਤੇ 17 ਤੋਂ 18 ਓਵਰ ਤੱਕ ਗੇਂਦਬਾਜ਼ੀ ਕਰਦਾ ਹੈ, ਪਰ ਜੇਕਰ ਚਾਰ ਦਿਨ ਦਾ ਟੈਸਟ ਹੋ ਜਾਵੇਗਾ ਤਾਂ ਉਸ ਉਪਰ ਗੇਂਦਬਾਜ਼ੀ ਦਾ ਦਬਾਅ ਵਧ ਜਾਵੇਗਾ ਜੋ 20 ਤੋਂ 25 ਓਵਰ ਤੱਕ ਹੋ ਜਾਵੇਗਾ। ਇਸ ਨਾਲ ਉਸ ਦੇ ਸੱਟ ਲੱਗਣ ਦਾ ਜੋਖ਼ਮ ਵਧ ਜਾਵੇਗਾ ਅਤੇ ਸਭ ਤੋਂ ਅਹਿਮ ਗੱਲ ਜ਼ਿਆਦਾ ਓਵਰ ਗੇਂਦਬਾਜ਼ੀ ਕਰਨ ਨਾਲ ਉਸ ਦੀ ਗੇਂਦਬਾਜ਼ੀ ਦੀ ਧਾਰ ਵੀ ਮੁੜ ਜਾਵੇਗੀ।’’ ਉਸ ਨੇ ਕਿਹਾ, ‘‘ਲੋਕ ਮਿਸ਼ੇਲ ਸਟਾਰਕ, ਨਸੀਮ ਸ਼ਾਹ, ਕਮਿਨਸ, ਜਸਪ੍ਰੀਤ ਬੁਮਰਾਹ ਵਰਗੇ ਗੇਂਦਬਾਜ਼ਾਂ ਨੂੰ ਪੂਰੀ ਰਫ਼ਤਾਰ ਵਿੱਚ ਗੇਂਦਬਾਜ਼ੀ ਕਰਦਿਆਂ ਵੇਖਣਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਜ਼ਿਆਦਾ ਓਵਰ ਗੇਂਦਬਾਜ਼ੀ ਕਰਨੀ ਪਈ ਤਾਂ ਉਸ ਦੀ ਰਫ਼ਤਾਰ ਵਿੱਚ ਕਮੀ ਆਵੇਗੀ।’’ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ, ਸਚਿਨ ਤੇਂਦੁਲਕਰ ਅਤੇ ਆਸਟਰੇਲੀਆ ਦਾ ਰਿੱਕੀ ਪੋਂਟਿੰਗ ਅਤੇ ਸਟੀਵ ਵੌ ਇਸ ਤਜਵੀਜ਼ ਦਾ ਵਿਰੋਧ ਕਰ ਚੁੱਕੇ ਹਨ।
Sports ਚਾਰ ਰੋਜ਼ਾ ਟੈਸਟ: ਗੇਂਦਬਾਜ਼ਾਂ ਨੂੰ ਸੱਟਾਂ ਲੱਗਣ ਦਾ ਖ਼ਤਰਾ: ਮਿਸਬਾਹ