ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

* ਹਮਲੇ ’ਚ ਸਬ ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ
* ਵਾਰਦਾਤ ਵਾਲੀ ਥਾਂ ’ਤੇ ਸਬੂਤ ਇਕੱਠੇ ਕਰਨ ਲਈ ਮੁਲਜ਼ਮਾਂ ਨਾਲ ਗਈ ਸੀ 10 ਮੈਂਬਰੀ ਪੁਲੀਸ ਟੀਮ
* ਮਿ੍ਰਤਕਾਂ ਦੇ ਪਰਿਵਾਰਾਂ ਨੇ ਪੁਲੀਸ ਕਾਰਵਾਈ ’ਤੇ ਸਵਾਲ ਉਠਾਏ
* ਸਿਆਸਤਦਾਨਾਂ ਨੇ ਰਲਿਆ-ਮਿਲਿਆ ਪ੍ਰਤੀਕਰਮ ਦਿੱਤਾ

ਹੈਦਰਾਬਾਦ- ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅੱਜ ਸੁਵੱਖਤੇ ਇਥੇ ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ। ਚਾਰੋਂ ਮੁਲਜ਼ਮਾਂ ਨੂੰ 25 ਵਰ੍ਹਿਆਂ ਦੀ ਡਾਕਟਰ ਨਾਲ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰਕੇ ਸਾੜਨ ਦੇ ਦੋਸ਼ ਹੇਠ 29 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ ਸੱਤ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਕਾਬਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਹੈਵਾਨੀਅਤ ਦੀ ਇਸ ਘਟਨਾ ਨੇ ਪੂਰੇ ਮੁਲਕ ਨੂੰ 16 ਦਸੰਬਰ 2012 ਦੇ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ (ਨਿਰਭਯਾ ਕਾਂਡ) ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਹੈਦਰਾਬਾਦ ’ਚ ਔਰਤ ਨਾਲ ਜਬਰ-ਜਨਾਹ ਮਗਰੋਂ ਪੂਰੇ ਮੁਲਕ ’ਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲੀਸ ਮੁਤਾਬਕ ਮੁਕਾਬਲਾ ਤੜਕੇ ਪੌਣੇ 6 ਅਤੇ ਸਵਾ 6 ਵਜੇ ਦੇ ਵਿਚਕਾਰ ਹੋਇਆ ਜਦੋਂ 20 ਤੋਂ 24 ਸਾਲ ਦੇ ਮੁਲਜ਼ਮਾਂ ਨੂੰ ਹੈਦਰਾਬਾਦ ਨੇੜੇ ਮੌਕਾ-ਏ-ਵਾਰਦਾਤ ’ਤੇ ਲਿਆਂਦਾ ਗਿਆ ਸੀ ਤਾਂ ਜੋ ਘਟਨਾ ਬਾਬਤ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਪੁਲੀਸ ਨੇ ਕਿਹਾ ਕਿ ਮੁਲਜ਼ਮ ਭਾਵੇਂ ਹਿਰਾਸਤ ’ਚ ਸਨ ਪਰ ਉਨ੍ਹਾਂ ਦੇ ਹੱਥਕੜੀਆਂ ਨਹੀਂ ਲੱਗੀਆਂ ਹੋਈਆਂ ਸਨ। ਸਾਈਬਰਾਬਾਦ ਪੁਲੀਸ ਕਮਿਸ਼ਨਰ ਸੀ ਵੀ ਸਜਨਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੇ ਉਨ੍ਹਾਂ ਨਾਲ ਆਏ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਹੋਰ ਪੁਲੀਸ ਵਾਲਿਆਂ ਨੇ ਉਨ੍ਹਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਮੁਹੰਮਦ ਆਰਿਫ਼ ਨੇ ਸਭ ਤੋਂ ਪਹਿਲਾਂ ਗੋਲੀਆਂ ਚਲਾਈਆਂ ਅਤੇ ਵਾਰਦਾਤ ਵਾਲੀ ਥਾਂ ’ਤੇ ਗਈ 10 ਮੈਂਬਰੀ ਪੁਲੀਸ ਟੀਮ ਉਪਰ ਮੁਲਜ਼ਮਾਂ ਨੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ। ਪੁਲੀਸ ਨੇ ਪਹਿਲਾਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਜਵਾਬ ’ਚ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਖੋਹੇ ਗਏ ਹਥਿਆਰ ‘ਅਨਲਾਕ’ ਸਨ। ਪੁਲੀਸ ਕਮਿਸ਼ਨਰ ਮੁਤਾਬਕ ਮੁਲਜ਼ਮਾਂ ਦੇ ਹਮਲੇ ’ਚ ਇਕ ਸਬ-ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ,‘‘ਪੁਲੀਸ ਅਧਿਕਾਰੀਆਂ ਨੇ ਸੰਜਮ ਵਰਤਦਿਆਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਗੋਲੀਆਂ ਚਲਾਉਣਾ ਅਤੇ ਹਮਲੇ ਕਰਨਾ ਜਾਰੀ ਰੱਖਿਆ। ਸਾਡੇ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ’ਚ ਗੋਲੀਆਂ ਚਲਾਈਆਂ ਤਾਂ ਚਾਰੋਂ ਮੁਲਜ਼ਮ ਮਾਰੇ ਗਏ।’’
ਮੁਕਾਬਲੇ ਦੇ ਵੇਰਵੇ ਦਿੰਦਿਆਂ ਸਜਨਾਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਗੁਨਾਹ ਕਬੂਲੇ ਜਾਣ ਮਗਰੋਂ ਉਨ੍ਹਾਂ ਨੂੰ ਵਾਰਦਾਤ ਵਾਲੀ ਥਾਂ ਤੋਂ ਸੈਲਫੋਨ ਅਤੇ ‘ਹੋਰ ਵਸਤਾਂ’ ਬਰਾਮਦ ਕਰਾਉਣ ਲਈ ਲਿਜਾਇਆ ਗਿਆ ਸੀ। ਮੈਡੀਕਲ ਟੀਮ ਮੌਕੇ ’ਤੇ ਪਹੁੰਚੀ ਅਤੇ ਇਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਦਾ ਮਹਿਬੂਬਨਗਰ ਜ਼ਿਲ੍ਹੇ ਦੇ ਹਸਪਤਾਲ ’ਚ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਕਾਰਵਾਈ ਦਾ ਬਚਾਅ ਕਰਦਿਆਂ ਬੰਗਲੂਰੂ ਪੁਲੀਸ ਕਮਿਸ਼ਨਰ ਭਾਸਕਰ ਰਾਓ ਨੇ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਇਹ ‘ਸਹੀ ਅਤੇ ਸਮੇਂ ਮੁਤਾਬਕ’ ਕਦਮ ਸੀ। ਮੁਕਾਬਲੇ ਵਾਲੀ ਥਾਂ ’ਤੇ ਇਕੱਠੇ ਹੋਏ ਲੋਕਾਂ ਨੇ ਪੁਲੀਸ ਮੁਲਾਜ਼ਮਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਦੇ ਪੱਖ ’ਚ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਕੁਝ ਵਿਅਕਤੀ ਪੁਲੀਸ ਮੁਲਾਜ਼ਮਾਂ ਨੂੰ ਮਠਿਆਈਆਂ ਵੀ ਵੰਡਦੇ ਅਤੇ ਆਤਿਸ਼ਬਾਜ਼ੀ ਚਲਾਉਂਦੇ ਦੇਖੇ ਗਏ। ਮਹਿਲਾ ਦੇ ਪਿਤਾ ਅਤੇ ਧੀ ਨੇ ਕਿਹਾ ਕਿ ਉਹ ਮੁਲਜ਼ਮਾਂ ਦੇ ਮੁਕਾਬਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਤਿਲੰਗਾਨਾ ਸਰਕਾਰ ਤੇ ਪੁਲੀਸ ਦਾ ਧੰਨਵਾਦ ਕੀਤਾ। ਪਿਤਾ ਨੇ ਮੀਡੀਆ ਨੂੰ ਦੱਸਿਆ,‘‘ਅਸੀਂ ਟੀਵੀ ’ਤੇ ਮੁਕਾਬਲੇ ਦੀ ਖ਼ਬਰ ਦੇਖੀ। ਅਸੀਂ ਇਸ ਤੋਂ ਖੁਸ਼ ਹਾਂ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਸਾਡਾ ਸਾਥ ਦਿੱਤਾ। ਮੇਰੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ।’’ ਪੀੜਤਾ ਦੀ ਭੈਣ ਨੇ ਆਸ ਜਤਾਈ ਕਿ ਇਹ ਮੁਕਾਬਲਾ ਅਜਿਹਾ ਘਿਨਾਉਣਾ ਜੁਰਮ ਕਰਨ ਵਾਲਿਆਂ ਲਈ ਮਿਸਾਲ ਬਣੇਗਾ ਅਤੇ ਉਹ ਡਰਨਗੇ।’’ ਕੌਮੀ ਮਹਿਲਾ ਕਮਿਸ਼ਨ ਮੁਖੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹੈ ਕਿ ਸਾਰੇ ਸਾਜ਼ਿਸ਼ਘਾੜੇ ਮਾਰੇ ਗਏ ਹਨ ਪਰ ਇਨਸਾਫ਼ ਕਾਨੂੰਨ ਰਾਹੀਂ ਹੀ ਹੋਣਾ ਚਾਹੀਦਾ ਹੈ। ਨਿਰਭਯਾ ਦੀ ਮਾਂ ਨੇ ਵੀ ਕਿਹਾ ਹੈ ਕਿ ਪੀੜਤਾ ਨੂੰ ਇਨਸਾਫ਼ ਮਿਲ ਗਿਆ ਹੈ ਜਦਕਿ ਨਿਰਭਯਾ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੀ ਹੈ।

Previous articleਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ
Next articleਲੋਕ ਸਭਾ ’ਚ ਇਰਾਨੀ ਤੇ ਵਿਰੋਧੀ ਧਿਰਾਂ ’ਚ ਤਿੱਖੀਆਂ ਝੜਪਾਂ