ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ): ਕਰੀਬ ਇਕ ਵਰ੍ਹਾ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਸਾਫ ਕੀਤਾ ਮੁਕਤਸਰ ਦਾ ਸੀਵਰੇਜ ਸਿਸਟਮ ਬੀਤੇ ਦਿਨੀਂ ਪਈਆਂ ਚਾਰ ਕੁ ਕਣੀਆਂ ਦੀ ਮਾਰ ਵੀ ਨਹੀਂ ਝੱਲ ਸਕਿਆ। ਸ਼ਹਿਰ ਦੇ ਹਾਲ ਬਾਜ਼ਾਰ, ਗਾਂਧੀ ਚੌਕ, ਥਾਂਦੇਵਾਲਾ ਰੋਡ ਦੀਆਂ ਗਲੀਆਂ, ਖਾਲਸਾ ਸਕੂਲ ਰੋਡ ਦੀਆਂ ਗਲੀਆਂ, ਅਬੋਹਰ ਰੋਡ ਤੇ ਆਦਰਸ਼ ਨਗਰ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ।
ਵਿਭਾਗ ਵੱਲੋਂ ਬੰਦ ਸੀਵਰੇਜ ਨੂੰ ਖੋਲ੍ਹਣ ਦੀ ਬਜਾਏ ਪੰਪਾਂ ਨਾਲ ਪਾਣੀ ਚੁੱਕ ਕੇ ਇਧਰ ਉਧਰ ਪਾਇਆ ਜਾ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਆਉਣ ਕਰਕੇ ਲੋਕ ਮਜ਼ਬੂਰੀ ਵਿੱਚ ਗੰਦੇ ਪਾਣੀ ਵਿੱਚੋਂ ਲੰਘ ਰਹੇ ਹਨ। ਮੁਸ਼ਕ ਕਾਰਨ ਲੋਕਾਂ ਦਾ ਸਾਹ ਲੈਣਾ ਦੁੱਬਰ ਹੋ ਗਿਆ ਹੈ। ਕਰੋਨਾ ਮਹਾਂਮਾਰੀ ਦੇ ਦੌਰ ’ਚ ਗੰਦੇ ਪਾਣੀ ਨੇ ਲੋਕਾਂ ਲਈ ਭਾਰੀ ਮੁਸੀਬਤ ਖੜ੍ਹੀ ਕੀਤ ਦਿੱਤੀ ਹੈ।
ਲੋਕਾਂ ਦੀ ਮੰਗ ਹੈ ਸੀਵਰੇਜ ਦੀ ਸਫਾਈ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫਾਈ ਕੋਟਕਪੂਰਾ ਰੋਡ ’ਤੇ ਬਠਿੰਡਾ ਰੋਡ ਖੇਤਰ ਦੀ ਹੋਈ ਸੀ ਸ਼ਹਿਰ ਦੇ ਅੰਦਰੂਨੀ ਖੇਤਰ ਦੀ ਨਹੀਂ ਹੋਈ। ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।