ਰਾਸ਼ਟਰਪਤੀ ਵੱਲੋਂ ਨਿਰਭਯਾ ਕੇਸ ਦੇ ਦੋਸ਼ੀ ਦੀ ਰਹਿਮ ਅਪੀਲ ਰੱਦ
ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਅੱਜ ਨਿਰਭਯਾ ਸਮੂਹਿਕ ਜਬਰ-ਜਨਾਹ ਤੇ ਕਤਲ ਕੇਸ ’ਚ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ ਛੇ ਵਜੇ ਫਾਂਸੀ ਦੇਣ ਸਬੰਧੀ ਨਵੇਂ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਨੇ ਇਸ ਕੇਸ ਦੇ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਅੱਜ ਮੌਤ ਦੀ ਸਜ਼ਾਯਾਫ਼ਤਾ ਮੁਕੇਸ਼ ਦੀ ਉਸ ਅਪੀਲ ’ਤੇ ਸੁਣਵਾਈ ਕਰ ਰਹੇ ਸੀ ਜਿਸ ’ਚ ਉਸ ਨੇ ਫਾਂਸੀ ਦੇਣ ਲਈ ਤੈਅ 22 ਜਨਵਰੀ ਦੀ ਤਰੀਕ ਅੱਗੇ ਪਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਨਿਰਭਯਾ ਜਬਰ-ਜਨਾਹ ਤੇ ਕਤਲ ਕੇਸ ਦੇ ਚਾਰੋ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਅਦਾਲਤ ਤੋਂ ਮੌਤ ਦੇ ਵਾਰੰਟ ਦੁਬਾਰਾ ਜਾਰੀ ਕਰਨ ਦੀ ਮੰਗ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੰਘੀ ਦੇਰ ਰਾਤ ਦੋਸ਼ੀ ਮੁਕੇਸ਼ ਵੱਲੋਂ ਦਾਇਰ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਭੇਜੀ ਗਈ ਸੀ ਜਿਸ ਨੂੰ ਰਾਸ਼ਟਰਪਤੀ ਕੋਵਿੰਦ ਨੇ ਖਾਰਜ ਕਰ ਦਿੱਤਾ ਹੈ। ਰਹਿਮ ਦੀ ਅਪੀਲ ਖਾਰਜ ਹੋਣ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਨਿਰਭਯਾ ਦੇ ਪਿਤਾ ਨੇ ਕਿਹਾ, ‘ਇਹ ਬਹੁਤ ਚੰਗੀ ਗੱਲ ਹੈ। ਜਦੋਂ ਅਸੀਂ ‘ਫਾਂਸੀ ਦੇਣ ’ਚ ਦੇਰੀ ਹੋ ਸਕਦੀ ਹੈ’ ਵਾਲੀ ਖ਼ਬਰ ਸੁਣੀ ਤਾਂ ਸਾਡੀਆਂ ਸਾਰੀਆਂ ਆਸਾਂ ’ਤੇ ਪਾਣੀ ਫਿਰ ਗਿਆ ਸੀ।’ ਮੁਕੇਸ਼ ਸਿੰਘ ਨੇ ਦੋ ਦਿਨ ਪਹਿਲਾਂ ਹੀ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਦਿੱਲੀ ਦੀ ਇੱਕ ਅਦਾਲਤ ਨੇ 7 ਜਨਵਰੀ ਨੂੰ ਮੌਤ ਦੇ ਵਾਰੰਟ ਜਾਰੀ ਕਰਦਿਆਂ ਕਿਹਾ ਸੀ ਕਿ ਚਾਰਾਂ ਦੋਸ਼ੀਆਂ ਮੁਕੇਸ਼ ਸਿੰਘ (32), ਵਿਨੈ ਸ਼ਰਮਾ (26), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 22 ਜਨਵਰੀ ਦੀ ਸਵੇਰੇ ਸੱਤ ਵਜੇ ਤਿਹਾੜ ਜੇਲ੍ਹ ’ਚ ਫਾਂਸੀ ਦਿੱਤੀ ਜਾਵੇਗੀ। ਹਾਲਾਂਕਿ ਦਿੱਲੀ ਸਰਕਾਰ ਨੇ ਹਾਈ ਕੋਰਟ ’ਚ ਕਿਹਾ ਸੀ ਕਿ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਦੋਸ਼ੀ ਮੁਕੇਸ਼ ਨੇ ਰਹਿਮ ਦੀ ਅਪੀਲ ਦਾਇਰ ਕੀਤੀ ਹੋਈ ਹੈ। ਇਸ ਦੌਰਾਨ ਨਿਰਭਯਾ ਕੇਸ ’ਚ ਫਾਂਸੀ ਦੀ ਸਜ਼ਾਯਾਫ਼ਤਾ ਦੋਸ਼ੀ ਪਵਨ ਕੁਮਾਰ ਗੁਪਤਾ ਨੇ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਕੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਪਵਨ ਕੁਮਾਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਦਸੰਬਰ 2012 ’ਚ ਵਾਪਰੀ ਘਟਨਾ ਸਮੇਂ ਉਹ ਨਾਬਾਲਗ ਸੀ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ 19 ਦਸੰਬਰ ਨੂੰ ਸੁਣਾਏ ਹੁਕਮਾਂ ’ਚ ਦੋਸ਼ੀ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ।