ਚਰਚਾ ਕਰਤਾ : – ਪਰਸ਼ੋਤਮ ਲਾਲ ਸਰੋਏ

(ਸਮਾਜ ਵੀਕਲੀ)

ਜਿਸ ਤਰਾਂ ਕਿਸਾਨ ਖੇਤ ਵਿੱਚ ਬੀਜ ਦਾ ਸੱਟਾ ਦੇ ਕੇ ਫ਼ਸਲ ਉਗਾਉਂਦਾ ਹੈ ਉਸੇ ਤਰਾਂ ਹੀ ਸਾਹਿਤਕ ਕਿਆਰੀ ਵਿੱਚ ਸ਼ਬਦਾਂ ਦਾ ਸੱਟਾ ਦੇ ਕੇ ਤੇ ਉਸ ਨੂੰ ਸਿਆਹੀ ਰੂਪੀ ਪਾਣੀ ਪਾ ਕੇ ਸਾਹਿਤਕ ਫ਼ਸਲ ਉਗਾਈ ਜਾਂਦੀ ਹੈ। ਦੇਖਿਆ ਜਾਵੇ ਤਾਂ ਹਰ ਜਣਾ-ਖਣਾ ਸਾਹਿਤਕ ਖੇਤੀ ਦੇ
ਵਿੱਚ ਕਦਮ ਨਹੀਂ ਰੱਖ ਸਕਦਾ। ਉਹਦੇ ਵਾਸਤੇ ਇਕ ਸੋਚ, ਸਮਝ, ਗਿਆਨ, ਦੂਜੇ ਪ੍ਰਤੀ ਦਰਦ, ਕੁਦਰਤ ਤੇ ਕੁਦਰਤ ਦੇ ਜੀਵਾਂ  ਨਾਲ ਮੋਹ, ਸਮਾਜ ਦੀ ਚਿੰਤਾ ਆਦਿ ਗੁਣਾ ਦਾ ਹੋਣਾ ਵੀ ਲਾਜ਼ਮੀ ਬਣ ਜਾਂਦਾ ਹੈ ਜੋ ਕਿ ਪਰਮਾਤਮਾ ਹਰ ਇੱਕ ਨੂੰ ਨਹੀਂ ਬਖ਼ਸ਼ਦਾ।

ਇਸ ਦਾ ਮਤਲਬ ਇਹ ਵੀ ਨਹੀਂ ਕਿ ਕਲਾ ਹਰ ਇਕ ਵਿੱਚ ਨਹੀਂ ਬਲਕਿ ਇਸ ਨੂੰ ਪਛਾਣਨ ਦੀ ਲੋੜ ਹੈ ਤੇ ਉਹ ਪਛਾਣ ਵਾਹਿਗੁਰੂ ਕਿਸੇ ਕਿਸੇ ਨੂੰ ਹੀ ਕਰਾ ਸਕਦਾ ਹੈ। ਅਜਿਹੀ ਹੀ ਸਾਹਿਤਕ ਫ਼ਸਲ ਉਗਾਉਣ ਵਿੱਚ ਮਾਹਰ ਕਿਸਾਨ ਬਲਜਿੰਦਰ ਕੌਰ ਸ਼ੇਰਗਿੱਲ ਦਾ ਨਾਂ ਵੀ ਆਉਂਦਾ ਹੈ। ਬਲਜਿੰਦਰ ਕੌਰ ਸ਼ੇਰਗਿੱਲ ਇਕ ਅਜਿਹੀ ਹਸਤਾਖ਼ਰ ਹੈ ਜਿਸ ਵਿੱਚ ਕੁਦਰਤ ਨੇ ਇਹ ਸਾਰੇ ਗੁਣ ਭਰੇ ਵੀ ਹੋਏ ਹਨ ਤੇ ਉਨਾਂ ਦੀ ਪਛਾਣ ਵੀ ਵਾਹਿਗੁਰੂ ਨੇ ਕਰਵਾਈ ਹੈ। ਬਲਵਿੰਦਰ ਕੌਰ ਸ਼ੇਰਗਿੱਲ ਨੇ ਆਪਣੀ ਪਲੇਠੀ ਪੁਸਤਕ ‘ਆਖ਼ਿਰ ਕਦੋਂ ਤੱਕ?’ ਨਾਲ ਸਾਹਿਤਕ ਖੇਤਰ ਵਿੱਚ ਆਪਣਾ ਕਦਮ ਧਰਿਆ ਹੈ ਤੇ ਉਸ ਦਾ ਇਹ ਕਦਮ ਮੁਬਾਰਕ ਵੀ ਸਿੱਧ ਹੋਇਆ ਹੇ।

ਜੇਕਰ ਬਲਜਿੰਦਰ ਕੌਰ ਸ਼ੇਰਗਿੱਲ ਦੀ ਗੱਲ ਕਰੀਏ ਤਾਂ ਬਲਜਿੰਦਰ ਦੀ ਸਾਹਿਤਕ ਸਿਰਜਣਾ ਵਿੱਚ ਪੰਛੀਆਂ ਲਈ, ਕੁਦਰਤ ਦੀ ਬਖ਼ਸ਼ੀ ਦਾਤ ਦੇ ਦੁਰਉਪਯੋਗ, ਗਵਾਚਦੀਆਂ ਜਾ ਰਹੀਆਂ ਪੁਰਾਤਨ ਵਸਤਾਂ ਵਾਸਤੇ ਚਿੰਤਾ ਸਾਫ਼ ਝਲਕਦੀ ਨਜ਼ਰੀਂ ਪੈਂਦੀ ਹੈ। ਉਹ ਸਮਾਜ ਵਿੱਚ ਹੋਰ ਹੋ ਔਰਤ ਨਾਲ ਦੁਰਵਿਵਹਾਰ ਤੋਂ ਵੀ ਖਾਸਾ ਦੁਖੀ ਦਿਖਾਈ ਦਿੰਦੀ ਹੈ। ਉਹ ਖ਼ੁਦ ਔਰਤ ਹੋਣ ਦੇ ਨਾਤੇ ਔਰਤ ਦਾ ਦੁੱਖ-ਦਰਦ ਸਮਝਦੀ ਹੈ। ਉਹਦੇ ਅੰਦਰੋਂ ਪੈਦਾ ਹੋ ਰਹੇ ਹਾਲਾਤ ਇੱਕ ਚੀਸ ਬਣ ਕੇ  ਉੱਠਦੇ ਹਨ ਤੇ ਉਹ ਆਪਣੀ ਮਾਨਸਿਕ ਪੀੜਾ ਦਾ ਬਿਆਨ ਕਰਨ ਲਈ ਉਹ ਕਲਮ ਦਾ ਸਹਾਰਾ ਲੈਂਦੀ ਹੈ।

ਬਲਜਿੰਦਰ ਦਾ ਮੰਨਣਾ ਹੈ ਕਿ ਉਸਦਾ ਲੇਖਣੀ ਦਾ ਸ਼ੌਕ ਉਸ ਨੂੰ ਅਖ਼ਬਾਰ ਦੇ ਦਫ਼ਤਰ ਵਿੱਚ ਕੰਮ ਕਰਦਿਆਂ ਪਿਆ। ਆਪਣੀ ਮਿੱਟੀ ਆਪਣੀ ਮਾਤਾ ਭਾਸ਼ਾ ਨਾਲ ਅੰਤਾ ਦਾ ਮੋਹ ਰੱਖਣ ਵਾਲੀ ਬਲਜਿੰਦਰ ਇਸ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਹ ਪ੍ਰਕਿਰਤੀ ਨਾਲ ਜੁੜ ਕੇ ਸਮਾਜ ਨੂੰ ਨਰੋਆ ਤੇ ਸੁਚੱਜਾ ਬਣਾਉਣ ਦੀ ਚਾਹਵਾਨ ਹੈ। ਉਹ ਚਾਹੁਦੀ ਹੈ ਕਿ ਪ੍ਰਕਿਰਤੀ ਨਾਲ ਜੁੜ ਕੇ ਆਪਣੀ ਕਲਮ ਦੇ ਜਰੀਏ ਐਸੀ ਸਾਹਿਤਕ ਫ਼ਸਲ ਉਗਾਏ ਜਿਸ ਨਾਲ ਕਿ ਸਮਾਜ, ਵਾਤਾਵਰਣ ਤੇ  ਸੱਭਿਆਚਾਰ ਨਰੋਆ ਬਣ ਸਕੇ। ਬਲਜਿੰਦਰ ਦੀ ਪਲੇਠੀ ਪੁਸਤਕ ‘ਆਖ਼ਿਰ ਕਦੋਂ ਤੱਕ?’ ਉਸ ਦੇ ਪਿਤਾ ਸ. ਤਰਸੇਮ ਸਿੰਘ ਤੇ ਮਾਤਾ ਸਵਰਨ ਕੌਰ ਨੂੰ ਸਮਰਪਿਤ ਹੈ।

ਇਸ ਦੇ ਪ੍ਰਕਾਸ਼ਕ ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸ਼੍ਰੀ ਮੁਕਤਸਰ ਸਾਹਿਬ ਰੋਡ, ਸਾਦਿਕ (ਫ਼ਰੀਦਕੋਟ), ਪੰਜਾਬ ਹਨ। ਬਲਵਿੰਦਰ ਨੇ ਆਪਣੀ ਇਸ ਪਲੇਠੀ ਪੁਸਤਕ ਵਿੱਚ ਸਾਡੀ ਸੱਭਿਅਤਾ ਦਾ ਹਿੱਸਾ ਮਿੱਟੀ ਦੇ ਬਰਤਨ, ਪੁਰਾਣੇ ਸਮੇਂ ਦੀ ਮੁਲਤਾਨੀ ਮਿੱਟੀ, ਕਿੱਧਰ ਗਈਆਂ ਚਿੜੀਆਂ, ਸੈਲਫ਼ੋਨ ਦੀ ਲਪੇਟ ਵਿੱਚ ਆਇਆ ਇਨਸਾਨ, ਡੈਂਗੂ ਮੱਛਰ, ਛਾਂ ਨਹੀਂ ਲੱਭਣੀ, ਵਾਤਾਵਰਣ ਵਿੱਚ ਵਧ ਰਿਹਾ ਪ੍ਰਦੂਸ਼ਣ, ਪਾਣੀ ਦੀ ਹੋ ਰਹੀ ਦੁਰਵਰਤੋਂ, ਕਿਉਂ ਹੁੰਦੀਆਂ ਹਨ ਸਕੂਲੀ ਬੱਸਾਂ ਹਾਦਸੇ ਦਾ ਸ਼ਿਕਾਰ ਆਦਿ ਵਿਸ਼ੇ ਛੋਹੇ ਹਨ।

ਇਸ ਦੇ ਨਾਲ ਹੀ ਉਸ ਨੇ ਤਿਉਹਾਰਾਂ ਨਾਲ ਸੰਬੰਧਿਤ ਵਿਸ਼ੇ ਨੂੰ ਛੋਹ ਕੇ ਲਿਖੇ ਲੇਖ ਆਪਣੀ ਇਸ ਪਲੇਠੀ ਪੁਸਤਕ ਦਾ ਹਿੱਸਾ ਬਣਾਏ ਹਨ। ਬਲਜਿੰਦਰ ਕੇਵਲ ਲੇਖ ਹੀ ਨਹੀਂ ਲਿਖਦੀ ਉਸ ਨੇ ਮਿੰਨੀ ਕਹਾਣੀਆਂ ਤੇ ਕਾਵਿ ਸਿਰਜਣਾ ਵਿੱਚ ਵੀ ਹੱਥ ਅਜਮਾਈ ਕੀਤੀ ਹੈ ਤੇ ਆਪਣੀ ਇਸ ਪਲੇਠੀ ਪੁਸਤਕ ਵਿੱਚ ਆਪਣੀ ਸੂਝ ਮੁਤਾਬਕ ਸਥਾਨ ਦਿੱਤਾ ਹੈ। ਬਲਜਿੰਦਰ ਕੌਰ ਸ਼ੇਰਗਿੱਲ ਦੀ ਇਸ
ਪਲੇਠੀ ਪੁਸਤਕ ਨੂੰ ਖ਼ਸ਼ਾਮਦੀਦ।

ਪੁਸਤਕ ਚਰਚਾ      

ਲੇਖਕ : ਬਲਜਿੰਦਰ ਕੌਰ ਸ਼ੇਰ

ਮੋਬਾ : 92175-44348

Previous article‘ਘੁੰਘਰੂ’ ਟਰੈਕ ਨਾਲ ਗਾਇਕਾ ਰਜਨੀ ਜੈਨ ਆਰੀਆ ਨੇ ਪਾਈ ਧਮਾਲ
Next articleਤੂੰ ਔਰਤ ਹੈਂ ਤੈਨੂੰ ਕੀ ਆਖਾਂ