(ਸਮਾਜ ਵੀਕਲੀ)
ਸੂਰਜ ਚੰਨ ਸਿਤਾਰੇ ਜੁਗਨੂੰ .
ਲੱਗਣ ਬਹੁਤ ਪਿਆਰੇ ਜੁਗਨੂੰ .
ਅਰਥਾਂ ਭਰੀ ਲਿਆਕਤ ਹੁੰਦੇ ,
ਸ਼ਬਦਾਂ ਨਾਲ਼ ਸ਼ਿੰਗਾਰੇ ਜੁਗਨੂੰ .
ਮਨੋਰੰਜਨ ਨਾਲ਼ ਸੇਧ ਬਖ਼ਸ਼ਦੇ ,
ਗੀਤਾਂ ਦੇ ਵਣਜਾਰੇ ਜੁਗਨੂੰ .
ਪੰਜ ਆਬ ਦੇ ਵਾਸੀ ਨੇ ਇਹ ,
ਸਾਰੇ ਜੱਗ ਤੋਂ ਨਿਆਰੇ ਜੁਗਨੂੰ .
ਕਾਲ਼ੀ ਰਾਤ ਖ਼ਤਮ ਹੋ ਜਾਵੇ ,
‘ਕੱਠੇ ਹੋਣ ਜੇ ਸਾਰੇ ਜੁਗਨੂੰ .
ਕੱਲ੍ ਅੱਜ ਨਾ ਕਦੇ ਭਲਕ ਨੂੰ ,
ਨੇ੍ਰਿਆਂ ਤੋਂ ਨਾ ਹਾਰੇ ਜੁਗਨੂੰ .
ਦੂਰੋਂ ਹੀ ਇਹ ਜਾਣ ਪਛਾਣੇਂ ,
ਦੀਵਿਆਂ ਵਾਂਗ ਨਿਖਾਰੇ ਜੁਗਨੂੰ .
ਚੰਨ ਸਿਤਾਰੇ ਬਾਤਾਂ ਪਾਉਂਦੇ ,
ਭਰਦੇ ਰਹਿਣ ਹੁੰਘਾਰੇ ਜੁਗਨੂੰ .
ਹਰ ਖੇਤਰ ਵਿੱਚ ਮੱਲਾਂ ਮਾਰਦੇ ,
ਕਦੇ ਨਾ ਹੋਣ ਵਿਚਾਰੇ ਜੁਗਨੂੰ .
ਆਪਣੀ ਮੌਜ ਦੇ ਮਾਲਕ ਹੁੰਦੇ ,
ਲੁੱਟਣ ਸਦਾ ਨਜ਼ਾਰੇ ਜੁਗਨੂੰ .
ਮੁੱਲ ‘ਤਾਰ ਕੇ ਹੋਣ ਪ੍ਰਾਪਤ ,
ਮਿਲਦੇ ਨਹੀਂ ਉਧਾਰੇ ਜੁਗਨੂੰ .
ਅੱਧ ਵਿਚਾਲ਼ੇ ਨਹੀਂ ਡੋਬਦੇ ,
ਲਾਉਂਦੇ ਗੱਲ ਕਿਨਾਰੇ ਜੁਗਨੂੰ .
ਵੇਖ ਵੇਖ ਕੇ ਸੜਨ ਗੁਆਂਢੀ ,
ਚੜ੍ਦੇ ਜਦੋਂ ਚੁਬਾਰੇ ਜੁਗਨੂੰ .
ਜਾਪਣ ਕਦੇ ਫੁੱਲਾਂ ਤੋਂ ਹੌਲ਼ੇ ,
ਕਦੇ ਪਰਬਤੋਂ ਭਾਰੇ ਜੁਗਨੂੰ .
ਮੁੰਦਰਾਂ ਪਾ ਕੇ ਜੋਗੀ ਬਣ ਗਏ,
ਤੇਰੀ ਦੀਦ ਦੇ ਮਾਰੇ ਜੁਗਨੂੰ .
ਯਾਰ ਯਾਰਾਂ ਦੇ ਵੈਰੀ ਦੇ ਨਾਲ਼ ,
ਕਰਦੇ ਹੱਥ ਕਰਾਰੇ ਜੁਗਨੂੰ .
ਵੇਖੀਂ ਕਿਤੇ ਗੁਆ ਨਾ ਬੈਠੀਂ ,
ਮਿਲਦੇ ਨਹੀਂ ਦੁਬਾਰੇ ਜੁਗਨੂੰ .
ਧਰਤੀ ‘ਤੇ ਬਾਲਣ ਲਈ ਦੀਵੇ ,
ਅੰਬਰੋਂ ਹੇਠ ਉਤਾਰੇ ਜੁਗਨੂੰ .
ਖੇਤਾਂ ਦੇ ਵਿੱਚ ਟਿਮਟਿਮਾਉਂਦੇ ,
ਜਿਓਂ ਅੰਬਰ ਦੇ ਤਾਰੇ ਜੁਗਨੂੰ .
ਲੜਦੇ ਸਦਾ ਨੇ ਅਪਣੇ ਦਮ ‘ਤੇ ,
ਲਭਦੇ ਨਹੀਂ ਸਹਾਰੇ ਜੁਗਨੂੰ .
ਪਲ ਵਿੱਚ ਤੋਲ਼ਾ ਪਲ ਵਿੱਚ ਮਾਸਾ,
ਰਹਿੰਦੇ ਨਾ ਹੰਕਾਰੇ ਜੁਗਨੂੰ .
ਕੁਦਰਤ ਨੇ ਜਿੰਨੇ ਕੁ ਬਖ਼ਸ਼ੇ ,
ਪਾਉਂਦੇ ਨੇ ਲਿਸ਼ਕਾਰੇ ਜੁਗਨੂੰ .
ਸੁੱਤੇ ਲੋਕ ਜਗਾਉਂਦੇ ਰਹਿੰਦੇ ,
ਡੱਗਾ ਮਾਰ ਨਗਾਰੇ ਜੁਗਨੂੰ .
ਅਪਣੇ ਹੱਥੀਂ ਖ਼ਤਮ ਕਰੇ ਜੋ ,
ਮਿਲ਼ਣੇ ਨਹੀਂ ਦੁਬਾਰੇ ਜੁਗਨੂੰ .
ਕੀੜੇ ਮਾਰ ਦਵਾਈਆਂ ਪਾ ਪਾ ,
ਆਪਣੇ ਹੱਥੀਂ ਮਾਰੇ ਜੁਗਨੂੰ .
ਸੱਤਿਅਮ ਸ਼ਿਵਮ ਤੇ ਸੁੰਦਰਮ ਦੇ,
ਬੋਲਣ ਬੋਲ ਪਿਆਰੇ ਜੁਗਨੂੰ .
ਕਾਲ਼ੀਆਂ ਰਾਤਾਂ ਦੇ ਘਰ ਢੁੱਕਣਾਂ ,
ਸੇਹਰੇ ਬੰਨ੍ ਸ਼ਿੰਗਾਰੇ ਜੁਗਨੂੰ .
ਪਿੰਡ ਰੰਚਣਾਂ ਗਲ਼ੀ ਮੁਹੱਲੇ ,
ਵਿਹੜਿਆਂ ਵਿੱਚ ਖਿਲਾਰੇ ਜੁਗਨੂੰ .
ਸੂਰਜ ਚੰਨ ਸਿਤਾਰੇ ਜੁਗਨੂੰ .
ਲਗਦੇ ਬਹੁਤ ਪਿਆਰੇ ਜੁਗਨੂੰ .
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 9478408898