ਚਟਪਟਾ ਛੰਦ ( ਕਰੋ ਦੁਆਵਾਂ ਰੱਬ ਨੂੰ )

(ਸਮਾਜ ਵੀਕਲੀ)

ਘਰ ਘਰ ਚਿੱਟਾ ਵੜ ਗਿਆ , ਖਾ ਰਿਹਾ ਜਵਾਨੀ।
ਫੁੱਲਾਂ ਵਰਗੀ ਰੁਲ ਰਹੀ , ਮਿੱਟੀ ਜਿਦਗਾਨੀ ।
ਦੁਸ਼ਮਣ ਵਾਰ ਚਲਾ ਗਿਆ , ਹੁਣ ਪੇਸ਼ ਨ ਜਾਵੇ ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਉਮਰਾ ਸੀ ਸੌ ਸਾਲ ਦੀ , ਹੁਣ ਸੱਠ ਹੀ ਰਹਿਗੀ।
ਪੀੜ੍ਹੀ ਨਵੀਂ ਹੈ ਜਦ ਤੋਂ , ਨਸ਼ੇ ਵਿੱਚ ਪੈਗੀ ।
ਰੋਜ ਸਮੈਕਾਂ ਪੀ ਰਹੀ , ਤੇ ਗਾਂਜਾ ਖਾਵੇ ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਘਰ ਘਰ ਸੱਥਰ ਵਿਛ ਰਹੇ , ਤੇ ਰੋਵਣ ਮਾਂਵਾਂ।
ਵਿੱਚ ਬੁਢਾਪੇ ਰੁਲ ਰਹੇ , ਨਾ ਲੱਭਣ ਥਾਂਵਾਂ।
ਲਾਸ਼ ਪੁੱਤ ਦੀ ਬਾਪ ਹੈ , ਸ਼ਮਸ਼ਾਨ ਲਿਜਾਵੇ ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਦੁਧ ਮਲਾਈ ਖਾਂਦੇ ਸੀ , ਤੁਰਗੇ ਕਿਸ ਪਾਸੇ ।
ਅੱਜ ਕੱਲ੍ਹ ਦੇ ਗੱਭਰੂ , ਜਿਉਂ ਖੁਰੇ ਪਤਾਸੇ ।
ਪਹਿਲਵਾਨ ਹੁਣ ਕਿਤੇ ਨਾ , ਲੱਭਿਆ ਥਿਆਵੇ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਟੀਕੇ ਲਾ ਕੇ ਵਿਨੀਆ , ਸੱਭੇ ਹੀ ਨਾੜਾਂ ।
ਭਾਂਡੇ ਟੀਂਡੇ ਵੇਚ ਕੇ , ਹੈ ਕਰਨ ਉਜਾੜਾ ।
ਟੱਲੀ ਹੁੰਦੇ ਰੱਜਕੇ , ਕੁਝ ਹੋਰ ਨ ਭਾਵੇ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਲੀਡਰ ਕਰਨ ਬਲੈਕ ਹੈ , ਅੱਜ ਰੋਕੇ ਕਿਹੜਾ ।
ਇਹਨਾਂ ਨੇ ਹੀ ਡੋਬਿਆ , ਹੈ ਹੱਥੀਂ ਬੇੜਾ ।
ਸੌਹਾਂ ਖਾ ਕੇ ਮੁਕਰਗੇ , ਕਰਦੇ ਸੀ ਦਾਵੇ ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਮਾਪੇ ਵੀ ਮਜ਼ਬੂਰ ਨੇ , ਕੀ ਕਰਨ ਵਿਚਾਰੇ।
ਕਿਹੜੇ ਪਾਸੇ ਜਾਣਗੇ , ਉਹ ਕਰਮਾਂ ਮਾਰੇ ।
” ਸੁੱਖ ” ਹਮੇਸ਼ਾਂ ਸੁੱਖਦੇ , ਉਹ ਠੰਡਕ ਪਾਵੇ ।
ਕਰੋ ਦੁਆਵਾਂ ਰੱਬ ਨੂੰ , ਪੰਜਾਬ ਬਚਾਵੇ ।

ਸੁਖਚੈਨ ਸਿੰਘ ਚੰਦ ਨਵਾਂ
9914973876

Previous articleਗ਼ਜ਼ਲ
Next articleਪਿੰਡ ਭੋਜੋਵਾਲ ਨੂੰ ਜਾਂਦੀ ਟੁੱਟੀ ਭੱਜੀ ਸੜਕ ਕਾਰਨ ਦੋਆਬੇ ਦੇ ਲੋਕ ਔਖੇ