ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸਤ-ਪ੍ਰਤੀਸ਼ਤ ਤਹਿਤ 100 ਫੀਸਦੀ ਨਤੀਜੇ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੀ ਅਗਲੇ ਮਹੀਨੇ ਮਾਰਚ ਵਿੱਚ ਲਈ ਜਾ ਰਹੀ ਸਾਲਾਨਾ ਪ੍ਰੀਖਿਆ ਵਿੱਚ ਪਾਸ ਫ਼ਾਰਮੂਲੇ ਨੂੰ ਸੀਬੀਐਸਸੀ ਦੀ ਤਰਜ਼ ’ਤੇ ਬਦਲਣ ਦਾ ਫੈਸਲਾ ਲਿਆ ਸੀ ਜਿਸ ਨਾਲ ਹੁਣ ਲਿਖਤੀ ਪ੍ਰੀਖਿਆ ’ਚੋਂ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਅੰਕ ਲੈਣ ਵਾਲਾ ਵਿਦਿਆਰਥੀ ਵੀ ਪਾਸ ਹੋ ਜਾਵੇਗਾ। ਇਸ ਤਬਦੀਲੀ ਦਾ ਮਾਰਚ 2020 ਦੀ ਦਸਵੀਂ ਦੇ ਨਤੀਜੇ ਦੀ ਪਾਸ ਫੀਸਦੀ ਵਿੱਚ ਵੱਡਾ ਇਜ਼ਾਫਾ ਹੋਣ ਦੇ ਆਸਾਰ ਹਨ। ਇਸ ਨਵੇਂ ਫ਼ਾਰਮੂਲੇ ਦੀ ਸਿੱਖਿਆ ਸ਼ਾਸਤਰੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਉਹ ਕਹਿ ਰਹੇ ਹਨ ਕਿ ਲਿਖਤੀ ਪ੍ਰੀਖਿਆ ’ਚੋਂ ਘੱਟ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸਮੇਂ ਦਾ ਹਾਣੀ ਕਿਵੇਂ ਬਣ ਸਕੇਗਾ। ਨਵੀਂ ਨੀਤੀ ਅਨੁਸਾਰ ਹੁਣ ਵਿਦਿਆਰਥੀ ਨੂੰ ਥਿਊਰੀ ਦੇ ਪੇਪਰ ’ਚੋਂ ਸਿਰਫ਼ 20 ਫੀਸਦੀ ਅੰਕ ਹੀ ਪ੍ਰਾਪਤ ਕਰਨੇ ਹੋਣਗੇ ਜੋ 100 ਫੀਸਦੀ ਟੀਚੇ ’ਤੇ ਪਹੁੰਚਣ ਲਈ ਸਹਾਈ ਹੋਣਗੇ। ਦਸਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਐਨ ਪਹਿਲਾਂ ਫ਼ਾਰਮੂਲੇ ਨੂੰ ਬਦਲਣ ਸਬੰਧੀ ਹਰੀ ਝੰਡੀ ਦੇਣ ਨਾਲ ਇਸ ਫ਼ਾਰਮੂਲੇ ਨੂੰ ਪੰਜਵੀਂ ਅਤੇ ਅੱਠਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ।
ਨਵੀਂ ਨੀਤੀ ਅਨੁਸਾਰ ਹੁਣ ਦਸਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ 10 ਅੰਕਾਂ ਦੇ ਪ੍ਰੈਕਟੀਕਲ ਅਤੇ 10 ਅੰਕਾਂ ਦੇ ਸੀਸੀਈ ’ਚੋਂ 17 ਅੰਕ ਲੈਣ ਵਾਲੇ ਵਿਦਿਆਰਥੀ ਨੂੰ ਪਾਸ ਹੋਣ ਲਈ 80 ਅੰਕਾਂ ਦੀ ਲਿਖਤੀ ਪ੍ਰੀਖਿਆ ’ਚੋਂ ਘੱਟੋ ਘੱਟ 16 ਅੰਕ (20 ਫੀਸਦੀ ਅੰਕ) ਲੈਣੇ ਜ਼ਰੂਰੀ ਹਨ। ਇਸੇ ਤਰ੍ਹਾਂ ਸਾਇੰਸ ਵਿਸ਼ੇ ਦੇ 20 ਅੰਕਾਂ ਦੇ ਪ੍ਰੈਕਟੀਕਲ ਅਤੇ 10 ਅੰਕਾਂ ਦੀ ਸੀਸੀਈ ’ਚੋਂ 19 ਅੰਕ ਲੈਣ ਵਾਲੇ ਨੂੰ ਪਾਸ ਹੋਣ ਲਈ 70 ਅੰਕਾਂ ਦੀ ਲਿਖਤੀ ਪ੍ਰੀਖਿਆ ’ਚੋਂ 14 ਅੰਕ (20 ਫੀਸਦੀ ਅੰਕ) ਲੈਣੇ ਜ਼ਰੂਰੀ ਹਨ। ਜਦਕਿ 10 ਅੰਕਾਂ ਦੇ ਸੀਸੀਈ ’ਚੋਂ 7 ਤੋਂ 9 ਅੰਕ ਲੈਣ ਵਾਲੇ ਬੱਚੇ ਨੂੰ ਅੰਗਰੇਜ਼ੀ, ਹਿੰਦੀ, ਅਤੇ ਸਮਾਜਿਕ ਵਿਗਿਆਨ ਵਿਸ਼ੇ ’ਚੋਂ ਪਾਸ ਹੋਣ ਲਈ ਲਿਖਤੀ ਪ੍ਰੀਖਿਆ ’ਚੋਂ ਘੱਟੋ ਘੱਟ 23 ਤੋਂ 25 ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ। ਇਸ ਤੋਂ ਪਹਿਲਾਂ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ’ਚੋਂ 33 ਫੀਸਦੀ ਅੰਕ ਲੈਣੇ ਜ਼ਰੂਰੀ ਹੁੰਦੇ ਸਨ। ਜ਼ਿਕਰਯੋਗ ਹੈ ਕਿ ਪ੍ਰੈਕਟੀਕਲ ਅਤੇ ਸੀਸੀਈ ਦੇ ਅੰਕ ਅਧਿਆਪਕ ’ਤੇ ਹੀ ਨਿਰਭਰ ਕਰਦੇ ਹਨ।
ਨਵਾਂ ਫਾਰਮੂਲਾ ਵਿਦਿਆਰਥੀਆਂ ਨਾਲ ਧੋਖਾ: ਸਾਬਕਾ ਅਧਿਕਾਰੀ
ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਕਿਹਾ ਕਿ ਇਸ ਤਰ੍ਹਾਂ ਨਤੀਜੇ ਤਾਂ ਵਧੀਆ ਆ ਜਾਣਗੇ ਪਰ ਸਕੂਲੀ ਬੱਚਿਆਂ ਦਾ ਭੌਤਿਕ ਗਿਆਨ ਕਾਫੀ ਘੱਟ ਜਾਵੇਗਾ। ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਦਾਖ਼ਲਾ ਵੀ ਮਿਲ ਜਾਵੇਗਾ ਪਰ ਸਬੰਧਤ ਵਿਦਿਆਰਥੀ ਭਵਿੱਖ ਵਿੱਚ ਕਿਸੇ ਉੱਚ ਪੱਧਰ ਦੀ ਪ੍ਰੀਖਿਆ ਵਿੱਚ ਕਾਨਵੈਂਟ ਸਕੂਲਾਂ ਦੇ ਬੱਚਿਆਂ ਦਾ ਮੁਕਾਬਲਾ ਨਹੀਂ ਕਰ ਸਕਣਗੇ।
ਫ਼ਾਰਮੂਲਾ ਤਿਆਰ ਕਰਨ ਵਾਲੇ ਅਧਿਕਾਰੀ ਦੀ ਛੁੱਟੀ ਹੋਵੇ: ਬੀਰਦਵਿੰਦਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਤਜਵੀਜ਼ ਕੀਤੇ ਨਵੇਂ ਪਾਸ ਫ਼ਾਰਮੂਲੇ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਵਿਕਸਤ ਦੇਸ਼ਾਂ ਵਿੱਚ ਪਾਸ ਪ੍ਰਤੀਸ਼ਤਤਾ 60 ਫੀਸਦੀ ਰੱਖੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ 20 ਫੀਸਦੀ ਅੰਕ ਲੈ ਕੇ ਪਾਸ ਫ਼ਾਰਮੂਲਾ ਤਿਆਰ ਕਰਨ ਵਾਲੇ ਅਧਿਕਾਰੀ ਦੀ ਛੁੱਟੀ ਹੋਣੀ ਚਾਹੀਦੀ ਹੈ।