ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਲਿਖਦਾ ਵੀ ਹੈ। ਦੁਨੀਆਂ ਤਾਂ ਉਸਨੂੰ ਅਖ਼ਬਾਰ ਵਾਲਾ ਸੈਣੀ ਹੀ ਸਮਝਦੀ ਰਹੀ ਹੈ। ਪਰ ਜਿਨ੍ਹਾਂ ਨੇ ਉਸਦੀ ਲਿਖਤਾਂ ਨੂੰ ਪੜ੍ਹਿਆ ਹੈ ਉਨ੍ਹਾਂ ਨੂੰ ਹੀ ਪਤਾ ਹੈ ਕਿ ਉਹ ਮਾੜੀ ਲਿਖਤ ਨੂੰ ਆਪਣੇ ਕੋਲ ਵੀ ਫਟਕਣ ਨਹੀਂ ਦਿੰਦਾ। ਕਿਉਂਕਿ ਸਭ ਤੋਂ ਪਹਿਲਾ ਅਲੋਚਕ ਖੁਦ ਉਸਦੇ ਅੰਦਰ ਹੀ ਵਸਿਆ ਪਿਆ ਹੈ। ਉਹ ਹੈ ਉਸਦਾ ਪਾਠਕ ਹੋਣਾ। ਉਸ ਵਿੱਚ ਭਾਵੇਂ ਇਸ ਗੱਲ ਦੀ ਘਾਟ ਹੈ ਕਿ ਉਹ ਆਪਣੇ ਲਿਖੇ ਨੂੰ ਬਹੁਤਾ ਪ੍ਰਚਾਰਦਾ ਨਹੀਂ ਪਰ ਇੱਕ ਪਾਠਕ ਵਜੋਂ ਉਹ ਨਿੱਠ ਕੇ ਖੜਦਾ ਹੈ। ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਦੀ ਫੇਰੀ ਲੱਗਣ ਤੇ ਪੰਜ ਚਾਰ ਸੌ ਦੇ ਰਸਾਲੇ ਜਾਂ ਕਿਤਾਬਾਂ ਤਾਂ ਉਹ ਆਮ ਹੀ ਖ਼ਰੀਦ ਲੈਂਦਾ ਹੈ। ਚੰਦਾ ਭਰਿਆ ਰਸਾਲਾ ਵੀ ਜੇਕਰ ਉਸਨੂੰ ਨਾ ਪਹੁੰਚੇ ਤਾਂ ਉਹ ਸ਼ਿਕਾਇਤ ਕਰਨ ਦੀ ਬਜਾਏ ਨਕਦ ਖ਼ਰੀਦ ਲੈਣ ਨੂੰ ਤਰਜੀਹ ਦਿੰਦਾ ਹੈ।
ਉੰੰਨੀ ਸੌ ਚੌਂਹਠ ਦੀ ਕ੍ਰਿਸ਼ਨ ਜਨਮਾਸ਼ਟਮੀ ਵਾਲੇ ਦਿਨ ਹਰਿਆਣਾ ਪ੍ਰਦੇਸ਼ ਦੇ ਜ਼ਿਲ੍ਹਾ ਪੰਚਕੂਲਾ ਦੇ ਨਿੱਕੇ ਜਿਹੇ ਪਿੰਡ ਜੈ ਸਿੰਘ ਪੁਰਾ ਵਿੱਚ ਜਨਮਿਆ ਗੁਰਮਾਨ ਸੈਣੀ ਆਪਣੇ ਆਪ ਨੂੰ ਨਾਨਕ ਤੇ ਓਸ਼ੋ ਦਾ ਚੇਲਾ ਗਰਦਾਨਦਾ ਹੈ। ਹਿੰਦੂ ਘਰਾਣੇ, ਜਿਸ ਵਿੱਚ ਸਾਲਾਨਾ ਸੈਂਕੜੇ ਤਰ੍ਹਾਂ ਦੇ ਮੱਥੇ ਟੇਕੇ ਜਾਂਦੇ ਹਨ ਵਿੱਚ ਜਨਮ ਲੈਣ ਦੇ ਬਾਵਜੂਦ ਉਸਦਾ ਸਿਰ ਸਿਰਫ਼ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਪਿਆਰ ਤੇ ਸਤਿਕਾਰ ਨਾਲ ਝੁਕਦਾ ਹੈ। ਉਂਝ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਮੱਥਾ ਟੇਕਣ ਵਾਲੀ ਉਸ ਵਰਗੀ ਐਕਟਿੰਗ ਹਰ ਆਰੀ ਸਾਰੀ ਦਾ ਕੰਮ ਨਹੀਂ। ਬਚਪਨ ਵਿੱਚ ਹੰਢਾਈ ਗਰੀਬੀ ਨੇ ਉਸਦੇ ਸੁਭਾਅ ਨੂੰ ਦਿਲਦਾਰ ਤੇ ਮੋਕਲਾ ਬਣਾ ਦਿੱਤਾ। ਉਸਦਾ ਕਹਿਣਾ ਹੈ ਕਿ ਉਸਦਾ ਬਚਪਨ ਬਹੁਤ ਅਮੀਰ ਸੀ।
ਨਿਆਣਪੁਣੇ ਨੂੰ ਉਸ ਨੇ ਰੱਜ ਕੇ ਮਾਣਿਆ।ਜਿਸ ਦਾ ਜ਼ਿਕਰ ਉਸ ਦੀਆਂ ਮੁਢਲੀਆਂ ਕਵਿਤਾਵਾਂ ਵਿੱਚ ਸਾਫ ਝਲਕਦਾ ਹੈ। ਬਚਪਨ ਵਿੱਚ ਉਸਨੂੰ ਕੁਝ ਵੀ ਨਾ ਕਰਨ ਦੀ ਕੋਈ ਬੰਦਿਸ਼ ਨਹੀਂ ਸੀ। ਜਿਸਦਾ ਕਾਰਨ ਸ਼ਾਇਦ ਜੋ ਵੀ ਕਰਨਾ ਸੀ ਉਸ ਸਭ ਕਾਸੇ ਦਾ ਜ਼ਿੰਮੇਵਾਰ ਖੁਦ ਹੋਣਾ ਸੀ।
ਉਹ ਆਪਣੇ ਆਪ ਨੂੰ ਪੁਆਧੀਏ ਹੋਣ ਵਿੱਚ ਫ਼ਕਰ ਮਹਿਸੂਸ ਕਰਦਾ ਹੈ। ਉਸਦਾ ਆਖਣਾ ਹੈ ਕਿ ਪੁਆਧ ਏਰੀਏ ਦੀ ਬਣਤਰ ਹੀ ਇਸ ਤਰ੍ਹਾਂ ਦੀ ਹੈ ਕਿ ਇੱਥੇ ਕਿਸਾਨ ਦੇ ਪੁੱਤ ਨੂੰ ਹਿੰਮਤ ਕਰਿਆਂ ਬਿਨਾਂ ਰੋਟੀ ਰੋਜ਼ੀ ਸੁਖਾਲਿਆਂ ਨਹੀਂ ਪ੍ਰਾਪਤ ਹੁੰਦੀ। ਤੇ ਇਹੋ ਜਿਹੇ ਹਾਲਾਤ ਬੰਦੇ ਨੂੰ ਬੰਦਾ ਤੇ ਕਾਮਾ ਬਣਾ ਕੇ ਰੱਖਦੇ ਹਨ।
ਮੌਕੇ ਦਾ ਫਾਇਦਾ ਉਠਾਉਣਾ ਤਾਂ ਕੋਈ ਉਸ ਤੋਂ ਸਿੱਖੇ। ਪਿੱਛੇ ਜਿਹੇ ਲੱਗੇ ਲਾੱਕਡਾਉਨ ਵਿੱਚ ਉਸਨੇ ਅਣਗੌਲੇ ਤੇ ਓਧਲੇ ਹੋਏ ਬੰਦਿਆਂ ਦੇ ਨਿੱਕੇ ਨਿੱਕੇ ਸਕੈੱਚ ਖਿੱਚਦਿਆਂ ਪੂਰੀ ਕਿਤਾਬ ” ਦੋਸਤਾਂ ਦੀ ਦੁਨੀਆਂ ” ਹੀ ਲਿਖ ਮਾਰੀ। ਸੈਂਕੜਿਆਂ ਕਵਿਤਾਵਾਂ ਦਾ ਹਿੰਦੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕਰ ਛੱਡਿਆ। ਇਸਤੋਂ ਤੀਹ ਸਾਲ ਪਹਿਲਾਂ ਵੀ ਜਦੋਂ ਭਤੀਜੇ ਦੀ ਬਿਮਾਰੀ ਦੇ ਚੱਲਦਿਆਂ ਉਸਨੂੰ ਪੀ. ਜੀ. ਆਈ. ਵਿੱਚ ਵੀਹ ਦਿਨ ਰੁਕਣਾ ਪਿਆ ਸੀ ਤਾਂ ਉਸਨੇ ਕੰਨੜ, ਬੰਗਲਾ, ਤੇਲਗੂ, ਤਮਿਲ, ਮਰਾਠੀ , ਗੁਜਰਾਤੀ ਆਦਿ ਭਾਸ਼ਾਵਾਂ ਦੇ ਵੀਹ ਨਾਵਲ ਤੇ ਕਹਾਣੀਆਂ ਦੀਆਂ ਕਿਤਾਬਾਂ ਪੜ੍ਹ ਕੇ ਉਥੋਂ ਦੀਆਂ ਸਾਹਿਤਕ ਸ਼ਾਹਕਾਰ ਰਚਨਾਵਾਂ ਨੂੰ ਜਾਣ ਤੇ ਮਾਣ ਲਿਆ ਸੀ।
ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਬੰਕਿਮ ਚੰਦਰ ਚੈਟਰਜੀ ਦਾ ਚਰਚਿਤ ਤੇ ਪਹਿਲਾ ਨਾਵਲ ” ਦੁਰਗੇਸ਼ ਨੰਦਨੀ ” ਪੜ੍ਹ ਕੇ ਆਪਣੇ ਪਾਠਕ ਬਣਨ ਦਾ ਸਫਰ ਸ਼ੁਰੂ ਕੀਤਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਕਰਨ ਦੇ ਦੌਰਾਨ ਉਸਦਾ ਝੁਕਾਅ ਪੰਜਾਬੀ ਸਾਹਿਤ ਵੱਲ ਹੋ ਗਿਆ ਸੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਆਮੋਜ਼ ਦੀ ਪੜ੍ਹਾਈ ਨੇ ਉਸਨੂੰ ਉਰਦੂ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਛੋਟੀ ਉਮਰ ਵਿੱਚ ਹੀ ਮੰਟੋ ਤੇ ਓਸ਼ੋ ਉਸਨੇ ਸਾਰਾ ਪੜ੍ਹ ਮਾਰਿਆ ਸੀ। ਜਪਾਨ ਦਾ ਲੂਸੁਨ, ਰੂਸ ਦੇ ਫੀਓਦੋਰ ਦੋਸਤੋਵੋਸਕੀ, ਮੈਕਸਿਮ ਗੋਰਕੀ, ਰਸੂਲ ਹਮਜ਼ਾਤੋਵ, ਬੋਰਿਸ ਪਾਇਲਵੀ , ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ, ਪੰਜਾਬੀ ਵਿੱਚ ਸ਼ਿਵ ਕੁਮਾਰ ਬਟਾਲਵੀ, ਗੁਰਬਖਸ਼ ਸਿੰਘ ਪ੍ਰੀਤਲੜੀ ਉਸਨੇ ਸਾਰੇ ਦੇ ਸਾਰੇ ਪੜੇ ਹੋਏ ਹਨ।
ਗੁਰਮਾਨ ਸੈਣੀ ਦੀਆਂ ਕਵਿਤਾਵਾਂ ਵੱਖ ਵੱਖ ਪੰਜਾਬੀ ਤੇ ਹਿੰਦੀ ਪਤ੍ਰਿਕਾਵਾਂ ਤੇ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਘੱਗਰ ਦਰਿਆ ਦਾ ਉਸਦੀ ਜ਼ਿੰਦਗੀ, ਉਸਦੀ ਬੋਲੀ, ਉਸਦੀਆਂ ਰਚਨਾਵਾਂ ਤੇ ਨਿੱਤ ਦੇ ਵਰਤਾਰਿਆਂ ਉੱਤੇ ਡੂੰਘਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਉਹ ਆਪਣੀ ਦਾਸਤਾਨ ਨੂੰ ” ਘੱਗਰ ਬੋਲਦਾ ਹੈ ” ਦੇ ਨਾਂ ਹੇਠ ਕਲਮਬੱਧ ਕਰਨ ਦਾ ਮੁੱਢੋਂ ਚਾਹਵਾਨ ਰਿਹਾ ਹੈ। ਉਸਨੇ ਕਿਸਾਨੀ ਨਾਲ ਦੋ ਚਾਰ ਹੋ ਰਹੇ ਹਾਲਾਤਾਂ ਅਤੇ ਜੱਟ, ਜੀਪਾਂ, ਬੰਦੂਕਾਂ ਤੇ ਕੂੜੀਆਂ ਨਾਲ ਸਬੰਧਿਤ ਗੀਤ ਰਚਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਗੀਤ ਲਿਖਿਆ ਸੋ ਬਹੁਤ ਸਲਾਹਿਆ ਗਿਆ।
ਉਨ੍ਹਾਂ ਗੀਤਕਾਰਾਂ ਦੇ ਨਾਂ ਜਿਨ੍ਹਾਂ ਨੂੰ..
ਜੱਟ ਜੀਪਾਂ ਤੇ ਕੁੜੀ ਬੰਦੂਕਾਂ
ਹੋਰ ਨਜ਼ਰ ਕੁਝ ਆਏ ਨਾ।
ਦਬਿਆ ਜਾਂਦਾ ਜ਼ਮੀਂਦਾਰ ਫਿਰ
ਦੱਸ ਜ਼ਹਿਰ ਕਿਉਂ ਖਾਏ ਨਾਂ।
ਢੋਲ ਢਮੱਕੇ, ਵਾਰੀ ਨਿਆਰੀ
ਗੀਤਕਾਰ ਨੂੰ ਦਿਸਦੀ ਆ…
ਢਿੱਡ ਭੱਰੁੰਨੀ, ਉਤਰੀ ਚੁੰਨੀ
ਦੱਸੋ ਸਾਈਂ ਕਿਸ ਦੀ ਆ ..?
ਚੂੰਡਣ ਲੱਗ’ਜੇ ਕਲਾਕਾਰ ਜਦ
ਸੁਪਨਾ ਕਿਉਂ ਮਰ ਜਾਏ ਨਾ ?
ਜੱਟ, ਜੀਪਾਂ ਤੇ ਕੁੜੀ ਬੰਦੂਕਾਂ..
ਜਾਂ
ਸਾਡੀਆਂ ਗਰੀਬੀਆਂ ਨੂੰ ਹੋਰ ਉਕਸਾ ਨਾ ।
ਦੇਖ ਦੇਖ ਸਾਨੂੰ ਤਿਉੜੀ ਮੱਥੇ ਵਿੱਚ ਪਾ ਨਾ ।
ਇੱਕ ਵਾਰੀਂ ਬੀਜ ਕੇ ਤੂੰ ਪੰਜ ਸਾਲ ਵੱਢਦਾ
ਪੰਜੀਂ ਸਾਲੀਂ ਫੇਰ ਸਾਡੇ ਅੱਗੇ ਹੱਥ ਅੱਡਦਾ
ਮਾਣਦਾ ਤੂੰ ਮੌਜਾਂ ਸਾਡੀ ਕੋਈ ਪਰਵਾਹ ਨਾ।
ਦੇਖ ਦੇਖ ਸਾਨੂੰ ਤਿਉੜੀ ਮੱਥੇ ਵਿੱਚ ਪਾ ਨਾ।
ਵਰਗੇ ਕਿਸਾਨਾਂ ਦੀ ਅਸਲ ਤੇ ਦੁਖਾਂਤਕ ਤਸਵੀਰ ਖਿੱਚਦੇ ਗੀਤਾਂ ਦੀ ਸੀਰੀਜ਼ ਉਸਨੇ ਤਿਆਰ ਕੀਤੀ ਹੋਈ ਹੈ।
ਦੇਖ ਤਾਰੇ ਚੰਦ ਦੇ ਕਿੰਨੇ ਕਰੀਬ ਨੇ।
ਹਰ ਕਿਸੇ ਦੇ ਆਪ ਦੇ ਆਪਣੇ ਨਸੀਬ ਨੇ।
ਸਖ਼ਤੇ ਸਖ਼ਤੀ ਨਾਲ ਦੇ ਜ਼ਮੀਨ ਲੈ ਲਈ
ਫਾਂਸੀ ਦਾ ਫੰਦਾ ਲੈ ਲਿਆ ਬੇਬਸ ਗਰੀਬ ਨੇ।
ਇੱਕ ਵਧੀਆ ਲੇਖਕ ਤੇ ਸਾਹਿਤਕਾਰ ਹੋਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਵਧੀਆ ਇਨਸਾਨ ਬਣਨ ਨੂੰ ਤਰਜੀਹ ਦਿੰਦਾ ਹੈ। ਹੁਣ ਤੱਕ ਉਹ 64 ਵਾਰ ਖੂਨਦਾਨ ਕਰ ਚੁੱਕਿਆ ਹੈ। ਹੋਰ ਲੋਕਾਂ ਵਿੱਚ ਖ਼ੂਨਦਾਨ ਪ੍ਰਤਿ ਜਾਗਰੂਕਤਾ ਫੈਲਾਉਣ ਲਈ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਪੀ. ਜੀ. ਆਈ. ਅਤੇ ਸੈਕਟਰ 32 ਚੰਡੀਗੜ੍ਹ ਦੇ ਕਾਲਿਜ ਤੇ ਹਸਪਤਾਲ ਦੇ ਸਹਯੋਗ ਨਾਲ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਖ਼ੂਨਦਾਨ ਕੈਂਪ ਆਯੋਜਿਤ ਕਰ ਰਿਹਾ ਹੈ।
ਕਿਸੇ ਕਾਰਨ ਕਰਕੇ ਸਕੂਲ ਦੀ ਪੜ੍ਹਾਈ ਅਤੇ ਹੋਰ ਸਮਾਜਿਕ ਗਤੀਵਿਧੀਆਂ ਤੋਂ ਲਾਂਭੇ ਹੋ ਚੁੱਕੇ ਨੌਜਵਾਨਾਂ ਲਈ ਕੰਮ ਕਰਦਿਆਂ ਉਸਨੇ ਤਿੰਨ ਵਾਰ ਨਹਿਰੂ ਯੁਵਾ ਸੰਗਠਨ ਵੱਲੋਂ ਜ਼ਿਲ੍ਹਾ ਪੱਧਰ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਹੋਇਆ ਹੈ। ਜਿੱਥੇ ਉਸਨੇ ਬਲਾੱਕ ਪੱਧਰ ਤੇ ਪ੍ਰੌੜ੍ਹ ਸਿਖਿਆ ਦਾ ਪ੍ਰੋਗਰਾਮ ਚਲਾ ਕੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਉੱਥੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਆਯੋਜਿਤ ਕਰਕੇ ਇਲਾਕੇ ਦੇ ਲੋਕਾਂ ਵੱਲੋਂ ਮਾਣ ਹਾਸਲ ਕਰਦਾ ਰਿਹਾ ਹੈ। ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਲੈਕੇ ਉਹ ਰੈਡ ਕਰਾਸ ਪੰਚਕੂਲਾ ਵੱਲੋਂ ਜ਼ਿਲ੍ਹਾ ਪੱਧਰੀ ਸਨਮਾਨ ਹਾਸਲ ਕਰ ਚੁੱਕਿਆ ਹੈ। ਆਪਣੇ ਕਿੱਤੇ ਪ੍ਰਤਿ ਉਸਦੀ ਜਿੰਮੇਵਾਰੀ ਜੱਗ ਜ਼ਾਹਿਰ ਹੈ। ਜਿਸਦੇ ਲਈ ਪ੍ਰਸਿੱਧ ਅਖਬਾਰ “ਦੈਨਿਕ ਭਾਸਕਰ” ਵੱਲੋਂ ਭੋਪਾਲ ਬੁਲਾ ਕੇ ਸਟੇਟ ਲੈਵਲ ਦਾ ਸਨਮਾਨ ਦਿੱਤਾ ਗਿਆ।
ਪਿਛਲੇ ਲਾੱਕਡਿਉਨ ਵਾਂਗ ਇਸ ਵਾਰ ਫੇਰ ਤੋਂ ਉਸਨੇ ਘਰ ਬੈਠੇ ਆਪਣੇ ਪਾਠਕਾਂ ਤੇ ਆਮ ਸ਼ਹਿਰੀਆਂ ਲਈ ਮੌਟੀਵੇਸ਼ਨਲ , ਜਾਣਕਾਰੀ, ਸਾਹਿਤ, ਜੀਵਨ ਜਾਚ ਨੂੰ ਪੇਸ਼ ਕਰਦੀਆਂ ਨਿੱਕੀਆਂ ਨਿੱਕੀਆਂ ਕਥਾ ਕਹਾਣੀਆਂ ਦਾ ਪ੍ਰਵਾਹ ਆਪਣੀ ਫੇਸ ਬੁੱਕ ਵਾਲ ਉੱਤੇ ” ਗੰਗਾ ਸਾਗਰ ” ਨਾਮ ਨਾ ਸ਼ੁਰੂ ਕੀਤਾ ਹੋਇਆ ਹੈ ਜਿਸਨੂੰ ਪਾਠਕਾਂ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ। ਇੱਕ ਮੁਲਾਕਾਤ ਉਸਨੇ ਦੱਸਿਆ ਕਿ ਹੁਣ ਤੱਕ ਉਹ ਅਲੱਗ ਅਲੱਗ ਵਿਧਾਵਾਂ ਦੀਆਂ ਦਸ ਕਿਤਾਬਾਂ ਲਿਖ ਚੁੱਕਾ ਹੈ ਪਰ ਕਿਤਾਬ ਛਪਵਾਉਣ ਵਿੱਚ ਉਹ ਜ਼ਰਾ ਜਿੰਨੀ ਵੀ ਕਾਹਲ ਨਹੀਂ ਕਰਨਾ ਚਾਹੁੰਦਾ। ਹਿੰਦੀ ਪੰਜਾਬੀ ਵਿੱਚ ਉਸਦੀ ਇੱਕ ਇੱਕ ਕਿਤਾਬ ਛੱਪ ਚੁੱਕੀ ਹੈ। ਜਿਸ ਵਿੱਚ “ਨੀਲਾ ਲਿਫ਼ਾਫ਼ਾ ” ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਆਪਣੇ ਲਿਖੇ ਗੀਤਾਂ ਨੂੰ ਉਹ ਰਿਕਾਰਡ ਕਰਵਾਏ ਜਾਣ ਦੇ ਇੰਤਜ਼ਾਰ ਵਿੱਚ ਹੈ।
ਇੱਕ ਵਾਰ ਜਿਹੜਾ ਉਸਨੂੰ ਮਿਲ ਲੈਂਦਾ ਹੈ ਤਾਂ ਉਹ ਚਾਹ ਕੇ ਵੀ ਉਸਨੂੰ ਭੁਲਾ ਨਹੀਂ ਸਕਦਾ। ਉਹ ਹਰ ਖ਼ਾਸ ਦਿਨ ਉੱਤੇ ਇੱਕ ਰੁੱਖ ਜ਼ਰੂਰ ਲਾਗਾਉਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਉਸਦੇ ਯਾਰਾਂ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ।ਇਸ ਬਿਜਲੀ ਤੇ ਪਾਣੀ ਦੀ ਬੱਚਤ ਦੇ ਮਦਾਹ ਦੀ ਉਦੋਂ ਇਲਾਕੇ ਵਿੱਚ ਧੂੰਮਾਂ ਪੈ ਗਈਆਂ ਜਦੋਂ ਉਸਦੀ ਬੇਟੀ ‘ਸ਼ਿਵਜੀਤ ਭਾਰਤੀ’ ਨੇ ਐਚ. ਸੀ. ਐਸ਼. ਵਿੱਚ ਉਤਲਾ ਰੈਂਕ ਹਾਸਲ ਕਰ ਸਿਟੀ ਮੈਜਿਸਟਰੇਟ ਬਣ ਆਪਣੇ ਬਾਪ ਦੀ ਲਿਖੀ ਕਵਿਤਾ ” ਬਾਪੂ ਕਦੇ ਨਹੀਂ ਮਰਦੇ ” ਨੂੰ ਸੱਚ ਕਰ ਦਿਖਾਇਆ। ਰੱਬ ਕਰੇ ਆਪਣੀ ਧੀ ਵਾਂਗ ਉਹ ਵੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਲਿਖਤਾਂ ਤੇ ਗੀਤਾਂ ਨੂੰ ਸਿੱਧ ਕਰਕੇ ਸਾਹਿਤ ਦੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੁਹਵੇ।
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly