ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਮਛੀਲ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਾਲ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਦੀ ਅਸਫ਼ਲ ਕੋਸ਼ਿਸ਼ ਦੌਰਾਨ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ ਤੇ ਤਿੰਨ ਅਤਿਵਾਦੀ ਮਾਰੇ ਗਏ ਹਨ। ਸ਼ਹੀਦ ਹੋਣ ਵਾਲਿਆਂ ਵਿਚ ਫ਼ੌਜ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਛੀਲ ਸੈਕਟਰ ਵਿਚ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਅਤਿਵਾਦੀਆਂ ਨੇ ਐਲਓਸੀ ਲੰਘ ਕੇ ਭਾਰਤ ਵਾਲੇ ਪਾਸੇ ਘੁਸਪੈਠ ਦੀ ਕੋਸ਼ਿਸ਼ ਕੀਤੀ।
ਘੁਸਪੈਠੀਆਂ ਨੂੰ ਭਾਰਤੀ ਬਲਾਂ ਨੇ ਚੁਣੌਤੀ ਦਿੱਤੀ ਤੇ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ ਅਫ਼ਸਰ ਸਣੇ ਫ਼ੌਜ ਦੇ ਤਿੰਨ ਜਵਾਨ, ਬੀਐੱਸਐਫ ਦਾ ਇਕ ਜਵਾਨ ਸ਼ਹੀਦ ਹੋ ਗਏ ਹਨ। ਸ੍ਰੀਨਗਰ ਅਧਾਰਿਤ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਧੀ ਰਾਤ ਕਰੀਬ ਇਕ ਵਜੇ ਬੀਐੱਸਐਫ ਦੀ ਟੀਮ ਨੇ ਐੱਲਓਸੀ ’ਤੇ ਲੱਗੀ ਕੰਡਿਆਲੀ ਤਾਰ ਲਾਗੇ ਕੁਝ ਸ਼ੱਕੀ ਗਤੀਵਿਧੀ ਨੋਟਿਸ ਕੀਤੀ ਸੀ। ਬੀਐੱਸਐਫ ਦੇ ਜਵਾਨਾਂ ਨੇ ਅਤਿਵਾਦੀਆਂ ਨੂੰ ਚੁਣੌਤੀ ਦਿੱਤੀ ਤੇ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਵਿਚ ਇਕ ਅਤਿਵਾਦੀ ਮਾਰਿਆ ਗਿਆ।
ਮੁਕਾਬਲੇ ਵਿਚ ਇਕ ਬੀਐੱਸਐਫ ਜਵਾਨ ਵੀ ਸ਼ਹੀਦ ਹੋ ਗਿਆ ਤੇ ਕਰੀਬ ਚਾਰ ਵਜੇ ਗੋਲੀਬਾਰੀ ਰੁਕ ਗਈ। ਇਸ ਤੋਂ ਬਾਅਦ ਇਲਾਕੇ ਵਿਚ ਹੋਰ ਬਲ ਭੇਜੇ ਗਏ। ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕਰ ਕੇ ਅਤਿਵਾਦੀਆਂ ਦੀ ਗਤੀਵਿਧੀ ’ਤੇ ਨਿਗਰਾਨੀ ਰੱਖੀ ਗਈ। ਐਲਓਸੀ ਤੋਂ ਕਰੀਬ 1.5 ਕਿਲੋਮੀਟਰ ਦੂਰ ਸੁਰੱਖਿਆ ਬਲਾਂ ਦਾ ਅਤਿਵਾਦੀਆਂ ਨਾਲ ਮੁੜ ਸਵੇਰੇ ਕਰੀਬ 10 ਵਜੇ ਸਾਹਮਣਾ ਹੋਇਆ ਤੇ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ। ਇਸ ਦੌਰਾਨ ਦੋ ਹੋਰ ਅਤਿਵਾਦੀ ਮਾਰੇ ਗਏ ਤੇ ਬਲਾਂ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਦੋ ਜਵਾਨ ਜ਼ਖ਼ਮੀ ਵੀ ਹੋਏ ਹਨ ਤੇ ਉਨ੍ਹਾਂ ਨੂੰ ਇਲਾਕੇ ਵਿਚੋਂ ਕੱਢ ਕੇ ਹਸਪਤਾਲ ਲਿਆਂਦਾ ਗਿਆ ਹੈ।