ਘਰ ਵਿੱਚੋਂ ਪਤੀ, ਪਤਨੀ ਤੇ ਧੀ ਦੀਆਂ ਲਾਸ਼ਾਂ ਮਿਲੀਆਂ

ਬਠਿੰਡਾ (ਸਮਾਜ ਵੀਕਲੀ) : ਸ਼ਹਿਰ ਦੀ ਪੌਸ਼ ਵਸੋਂ ਵਾਲੀ ਕਮਲਾ ਨਹਿਰੂ ਕਲੋਨੀ ਵਿਚਲੇ ਇਕ ਘਰ ਵਿਚੋਂ ਅੱਜ ਪਰਿਵਾਰ ਦੇ ਤਿੰਨ ਜੀਆਂ ਦੀਆਂ ਗੋਲੀਆਂ ਵਿੰਨ੍ਹੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੇ ਤੀਹਰੇ ਕਤਲ ਦਾ ਇਹ ਮਾਮਲਾ ਸੁਲਝਾ ਲਿਆ ਹੈ। ਕਥਿਤ ਕਾਤਲ ਨੌਜਵਾਨ ਦੇ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧ ਸਨ।

ਜਾਣਕਾਰੀ ਅਨੁਸਾਰ ਕਲੋਨੀ ਦੀ ਕੋਠੀ ਨੰਬਰ 387 ਵਿਚ ਅੱਜ ਸਵੇਰੇ ਜਦੋਂ ਦੋਧੀ ਰੋਜ਼ਾਨਾ ਵਾਂਗ ਦੁੱਧ ਦੇਣ ਆਇਆ ਤਾਂ ਵਾਰ-ਵਾਰ ਘੰਟੀ ਖੜਕਾਉਣ ’ਤੇ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਦੋਧੀ ਨੇ ਗੁਆਂਢੀਆਂ ਨੂੰ ਦੱਸਿਆ ਤਾਂ ਬੂਹਾ ਖੋਲ੍ਹੇ ਜਾਣ ’ਤੇ ਅੰਦਰ ਘਰ ਦੇ ਮਾਲਕ ਚਰਨਜੀਤ ਸਿੰਘ ਖੋਖਰ (45), ਉਸ ਦੀ ਪਤਨੀ ਜਸਵਿੰਦਰ ਕੌਰ (43) ਅਤੇ ਧੀ ਸਿਮਰਨ ਕੌਰ (20) ਦੀਆਂ ਖੂਨ ਨਾਲ ਗੜੁੱਚ ਲਾਸ਼ਾਂ ਪਈਆਂ ਸਨ। ਸੂਚਨਾ ਦੇਣ ’ਤੇ ਥਾਣਾ ਕੈਂਟ ਤੋਂ ਸਬ-ਇੰਸਪੈਕਟਰ ਗੁਰਮੀਤ ਸਿੰਘ ਅਤੇ ਐਸ.ਪੀ. ਸਿਟੀ ਜਸਪਾਲ ਸਿੰਘ ਉਥੇ ਪਹੁੰਚੇ। ਪੁਲੀਸ ਅਨੁਸਾਰ ਤਿੰਨੋਂ ਮ੍ਰਿਤਕਾਂ ਦੇ ਸਿਰ ਵਿਚ ਗੋਲੀਆਂ ਲੱਗਣ ਦੇ ਨਿਸ਼ਾਨ ਹਨ।

ਇਹ ਵੀ ਪਤਾ ਲੱਗਿਆ ਹੈ ਕਿ ਮੌਕੇ ਤੋਂ ਕਾਰਤੂਸਾਂ ਦੇ ਕੁਝ ਖੋਲ ਵੀ ਮਿਲੇ ਹਨ। ਪੁਲੀਸ ਜਾਂਚ ’ਚ ਪਤਾ ਲੱਗਿਆ ਕਿ ਇਹ ਕਤਲ ਯੁਵੀਕਰਨ ਸਿੰਘ ਢਿੱਲੋਂ ਵਾਸੀ ਪਿੰਡ ਮਾਨਸਾ ਖੁਰਦ ਨੇ ਕੀਤਾ ਹੈ, ਜਿਸ ਦੇ ਮ੍ਰਿਤਕ ਲੜਕੀ ਸਿਮਰਨ ਕੌਰ ਨਾਲ ਪ੍ਰੇਮ ਸਬੰਧ ਸਨ। ਲੜਕੇ ਨੇ ਐਤਵਾਰ ਸ਼ਾਮ ਕਰੀਬ 8:30 ਵਜੇ ਲੜਕੀ ਦੇ ਘਰ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮਰਹੂਮ ਚਰਨਜੀਤ ਸਿੰਘ ਖੋਖਰ ਪਿੰਡ ਬੀਬੀ ਵਾਲਾ ਦੀ ਸਹਿਕਾਰੀ ਸਭਾ ਵਿਚ ਸਕੱਤਰ ਸੀ। ਉਸ ਦਾ ਇਕ ਪੁੱਤਰ ਮਨਪ੍ਰੀਤ ਸਿੰਘ (27) ਇੰਗਲੈਂਡ ਰਹਿੰਦਾ ਹੈ।

Previous articleBritish PM announces ‘tougher’ tiered system of covid restrictions
Next articleਕਰੋਨਾ-2, ਸਰਦੀ ਅਤੇ ਸਮਾਜ