ਕੇਸ ਦੁੱਗਣੇ ਹੋਣ ਦੀ ਦਰ ’ਚ ਸੁਧਾਰ;
ਕੋਵਿਡ-19 ਕੇਸਾਂ ਦੀ ਗਿਣਤੀ 70 ਹਜ਼ਾਰ ਨੂੰ ਟੱਪੀ
ਨਵੀਂ ਦਿੱਲੀ (ਸਮਾਜਵੀਕਲੀ): ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਮੁਸਾਫ਼ਰ ਤੇ ਵਿਸ਼ੇਸ਼ ਰੇਲਗੱਡੀਆਂ ਰਾਹੀਂ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਪਰਵਾਸੀ ਕਾਮਿਆਂ ’ਤੇ ਨਿਗਰਾਨੀ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕੇਸਾਂ ਦੇ ਦੁੱਗਣੇ ਹੋਣ ਦੀ ਮਿਆਦ ਵਿਚ ਪਹਿਲਾਂ ਨਾਲੋਂ ਸੁਧਾਰ ਆਇਆ ਹੈ। ਜਿਨ੍ਹਾਂ ਕੇਸਾਂ ਨੂੰ ਪਹਿਲਾਂ ਦੁੱਗਣੇ ਹੋਣ ਲਈ 10.9 ਦਿਨ ਲਗਦੇ ਸਨ, ਉਹ ਹੁਣ 12.2 ਦਿਨਾਂ ਦਾ ਸਮਾਂ ਲੈਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਮੌਤ ਦੀ ਦਰ 3.2 ਫੀਸਦ ਜਦੋਂਕਿ ਲਾਗ ਤੋਂ ਉਭਰ ਕੇ ਸਿਹਤਯਾਬ ਹੋਣ ਦੀ ਦਰ ਵਧ ਕੇ 31.74 ਫੀਸਦ ਹੋ ਗਈ ਹੈ। ਕੇਂਦਰੀ ਮੰਤਰੀ ਇਥੇ ਜੰਮੂ ਕਸ਼ਮੀਰ, ਲੱਦਾਖ, ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ-19 ਕੇਸਾਂ ਦੇ ਪ੍ਰਬੰਧਨ ਲਈ ਕੀਤੇ ਉਪਰਾਲਿਆਂ ’ਤੇ ਨਜ਼ਰਸਾਨੀ ਕਰ ਰਹੇ ਸਨ। ਇਸ ਮੌਕੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਵੀ ਮੌਜੂਦ ਸਨ।
ਸ੍ਰੀ ਵਰਧਨ ਨੇ ਕਿਹਾ ਕਿ ਸਬੰਧਤ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਾਪਸ ਆਪਣੇ ਘਰਾਂ ਨੂੰ ਪਰਤਣ ਵਾਲੇ ਪਰਵਾਸੀਆਂ ਦੀ ਨਿਗਰਾਨੀ, ਟੈਸਟਿੰਗ, ਸੰਪਰਕਾਂ ਤੇ ਸਮੇਂ ਸਿਰ ਇਲਾਜ ਆਦਿ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਪੁੱਟਣ। ਕੇਂਦਰੀ ਮੰਤਰੀ ਨੇ ਕਿਹਾ ਕਿ ਬਿਹਤਰ ਨਿਗਰਾਨੀ ਤੇ ਢੁੱਕਵੇਂ ਮੈਡੀਕਲ ਦਖ਼ਲ ਲਈ ਵਾਪਸ ਆਉਣ ਵਾਲੇ ਹਰੇਕ ਸ਼ਖ਼ਸ ਲਈ ਆਰੋਗਿਆ ਸੇਤੂ ਮੋਬਾਈਲ ਐਪ ਲਾਜ਼ਮੀ ਹੋਵੇਗਾ। ਮੰਤਰੀ ਨੇ ਕਿਹਾ ਕਿ ਟੈਸਟਿੰਗ ਸਮਰੱਥਾ ਵਧਾ ਕੇ 1 ਲੱਖ ਟੈਸਟ ਰੋਜ਼ਾਨਾ ਕਰ ਦਿੱਤੀ ਗਈ ਹੈ ਤੇ ਇਸ ਕੰਮ ਵਿੱਚ 347 ਸਰਕਾਰੀ ਤੇ 137 ਪ੍ਰਾਈਵੇਟ ਲੈਬਾਰਟਰੀਆਂ ਦੀ ਮਦਦ ਲਈ ਜਾ ਰਹੀ ਹੈ।
ਇਸ ਦੌਰਾਨ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2293 ਸੱਜਰੀਆਂ ਮੌਤਾਂ ਨਾਲ ਕੋਵਿਡ-19 ਕੇਸਾਂ ਦੀ ਗਿਣਤੀ 70 ਹਜ਼ਾਰ ਦੇ ਅੰਕੜੇ ਨੂੰ ਪਾਰ ਪਾਉਂਦਿਆਂ 70,756 ਹੋ ਗਈ ਹੈ। ਉਧਰ ਸੋਮਵਾਰ ਤੋਂ ਹੁਣ ਤਕ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ 87 ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਕੁੱਲ ਗਿਣਤੀ 3604 ਨੂੰ ਅੱਪੜ ਗਈ ਹੈ।
ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 46,008 ਹੈ ਜਦੋਂਕਿ 22,454 ਵਿਅਕਤੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤਕ 31.73 ਫੀਸਦ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਸ ਦੌਰਾਨ ਖ਼ਬਰ ਏਜੰਸੀ ਪੀਟੀਆਈ ਨੇ ਵੱਖ ਵੱਖ ਰਾਜਾਂ ਵੱਲੋਂ ਪ੍ਰਾਪਤ ਅੰਕੜਿਆਂ ਦੇ ਹਵਾਲੇ ਨਾਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 71,630 ਤੇ ਮੌਤਾਂ ਦਾ ਅੰਕੜਾ 2249 ਦੱਸਿਆ ਹੈ।
ਅੱਜ ਰਿਪੋਰਟ ਹੋਈਆਂ 87 ਮੌਤਾਂ ਵਿੱਚੋਂ ਮਹਾਰਾਸ਼ਟਰ ’ਚ 36, ਗੁਜਰਾਤ ’ਚ 20, ਮੱਧ ਪ੍ਰਦੇਸ਼, ਤਾਮਿਲ ਨਾਡੂ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ 6-6, ਪੱਛਮੀ ਬੰਗਾਲ ’ਚ 5 ਅਤੇ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਇਕ ਇਕ ਮਰੀਜ਼ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ। ਮਹਾਰਾਸ਼ਟਰ ਤੇ ਗੁਜਰਾਤ ਵਿੱਚ ਕ੍ਰਮਵਾਰ ਹੁਣ ਤਕ 868 ਤੇ 513 ਲੋਕਾਂ ਦੀ ਕਰੋਨਾ ਕਰਕੇ ਜਾਨ ਜਾਂਦੀ ਰਹੀ ਹੈ। ਪੰਜਾਬ ਵਿੱਚ 31 ਤੇ ਹਰਿਆਣਾ ਵਿੱਚ 11 ਮਰੀਜ਼ ਕਰੋਨਾ ਦੀ ਭੇਟ ਚੜ੍ਹ ਚੁੱਕੇ ਹਨ।
ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਦੋ-ਦੋ ਮੌਤਾਂ ਹੋ ਚੁੱਕੀਆਂ ਹਨ। ਪਾਜ਼ੇਟਿਵ ਕੇਸਾਂ ਦੀ ਗੱਲ ਕਰੀਏ ਤਾਂ 23401 ਦੇ ਅੰਕੜੇ ਨਾਲ ਮਹਾਰਾਸ਼ਟਰ ਇਸ ਸੂਚੀ ਵਿੱਚ ਸਿਖਰ ’ਤੇ ਹੈ। 8541 ਕੇਸਾਂ ਨਾਲ ਗੁਜਰਾਤ ਦੂਜੇ ਅਤੇ 8002 ਦੇ ਅੰਕੜੇ ਨਾਲ ਤਾਮਿਲ ਨਾਡੂ ਤੀਜੀ ਥਾਵੇਂ ਹੈ।