ਮੂਨਕ ਇੱਥੋਂ ਦੇ ਵਾਰਡ ਨੰਬਰ-4 ਮਾਸਟਰ ਕਾਲੋਨੀ ਵਿਚ ਅੱਜ ਸਵੇਰੇ ਇਕ ਘਰ ਦੀ ਛੱਤ ਡਿੱਗਣ ਕਰਕੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜਣੇ ਜ਼ਖ਼ਮੀ ਹੋ ਗਏ। ਬਾਜ਼ੀਗਰ ਬਸਤੀ ’ਚ ਡੀ ਸੀ ਰਾਮ ਆਪਣੇ ਪਰਿਵਾਰ ਸਮੇਤ ਸੁੱਤਾ ਪਿਆ ਸੀ ਕਿ ਸਵੇਰੇ ਕਰੀਬ 6 ਵਜੇ ਉਸ ਦੇ ਘਰ ਦੀ ਛੱਤ ਡਿੱਗ ਪਈ ਅਤੇ ਸੁੱਤੇ ਹੋਏ ਦੋ ਬੱਚਿਆਂ ਰਿੰਕੂ (11) ਪੁੱਤਰ ਡੀ ਸੀ ਰਾਮ ਅਤੇ ਖੁਸ਼ੀ (12) ਪੁੱਤਰੀ ਸੁਖਚੈਨ ਸਿੰਘ ਸੁੱਖੀ ਦੀ ਮਲਬੇ ਹੇਠਾਂ ਦੱਬਣ ਕਰਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਮਲਬੇ ’ਚੋਂ ਕੱਢਣ ਲਈ ਪਰਿਵਾਰਕ ਮੈਂਬਰ ਅਤੇ ਗੁਆਂਢੀ ਜਦੋਂ ਕੋਸ਼ਿਸ਼ਾਂ ਕਰ ਰਹੇ ਸਨ ਤਾਂ ਨਾਲ ਲਗਦੇ ਕਮਰੇ ਦੀ ਛੱਤ ਵੀ ਡਿੱਗ ਗਈ। ਇਸ ਕਾਰਨ ਰਾਂਝਾ, ਮੁਨਸ਼ੀ ਰਾਮ, ਸਿੰਦਰੋ ਦੇਵੀ ਅਤੇ ਡੀ ਸੀ ਰਾਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਮੂਨਕ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਦੋ ਜਣਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਟੋਹਾਣਾ ਦੇ ਹਸਪਤਾਲ ’ਚ ਰੈਫ਼ਰ ਕੀਤਾ ਗਿਆ ਹੈ। ਰਾਂਝਾ ਰਾਮ ਦੀ ਇਕ ਲੱਤ ਕੱਟੀ ਗਈ ਹੈ। ਇਲਾਕੇ ਦੇ ਲੋਕਾਂ ਅਤੇ ਪੱਲੇਦਾਰ ਆਜ਼ਾਦ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਡੀਐੱਸਪੀ ਅਤੇ ਐੱਸਐੱਚਓ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਤਹਿਸੀਲਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿਵਾਇਆ ਜਾਵੇਗਾ।
Uncategorized ਘਰ ਦੀ ਛੱਤ ਡਿੱਗਣ ਕਾਰਨ ਦੋ ਬੱਚੇ ਹਲਾਕ