ਘਰ ਤੋਂ ਹੀ ਰੋਕੀਏ ਪਾਣੀ ਦੀ ਦੁਰਵਰਤੋਂ

(ਸਮਾਜ ਵੀਕਲੀ)

ਜਲ ਹੀ ਜੀਵਨ ਹੈ ! ਇਹ ਤਾਂ ਅਸੀਂ ਆਮ ਹੀ ਲਿਖਿਆ ਹੋਇਆ ਜਾਂ ਆਪ ਮੁਹਾਰੇ ਹੀ ਲੋਕਾਂ ਦੇ ਮੂੰਹੋਂ ਸੁਣਦੇ ਰਹਿੰਦੇ ਹਾਂ। ਜਲ ਨੂੰ ਜੀਵਨ ਕਹਿਣਾ ਇੱਕ ਠੋਸ ਸਚਾਈ ਹੈ। ਪਾਣੀ ਹੀ ਧਰਤੀ ਤੇ ਉਤਪਤੀ ਦਾ ਸਾਧਨ ਬਣਿਆ। ਏਸੇ ਪਾਣੀ ਤੋਂ ਹੀ ਧਰਤੀ ਤੇ ਮੌਜੂਦ ਸਾਰੀ ਬਨਸਪਤੀ, ਧਰਤੀ ਦੇ ਸਾਰੇ ਜੀਵ, ਸਾਰੇ ਜਾਨਵਰ ਜੀਵਨ ਸ਼ਕਤੀ ਪ੍ਰਾਪਤ ਕਰ ਰਹੇ ਹਨ। ਪਾਣੀ ਨੂੰ ਗੁਰਬਾਣੀ ਵਿੱਚ ਵੀ ਪਿਤਾ ਦਾ ਦਰਜ਼ਾ ਪ੍ਰਾਪਤ ਹੈ, ਤਾਂ ਹੀ ਗਰਮੀ ਦਾ ਭੰਨਿਆ ਥੱਕਿਆ ਹੋਇਆ ਇਨਸਾਨ ਪਾਣੀ ਪੀਣ ਤੋਂ ਬਾਅਦ ਤੇ ਤਾਜ਼ਾ ਹੋ ਜਾਂਦਾ ਹੈ ਜਿਵੇਂ ਸਰੀਰ ਵਿੱਚ ਜਾਨ ਪੈ ਗਈ ਹੋਵੇ। ਇਹ ਕੁਦਰਤ ਦੀ ਅਨਮੋਲ ਦੇਣ ” ਪਾਣੀ ” ਏਨੀ ਜੀਵਨ ਸ਼ਕਤੀ ਦੀ ਸਮਰੱਥਾ ਰੱਖਦਾ।

ਅਸੀਂ ਇਸ ਧਰਤੀ ਦੀ ਸੂਝਵਾਨ ਪ੍ਰਜਾਤੀ ਮਨੁੱਖ ਜਿਸ ਨੇ ਕੁਦਰਤ ਦੀ ਇਸ ਅਨਮੋਲ ਦੇਣ ਦੀ ਰੱਜ ਕੇ ਦੁਰਵਰਤੋ ਕੀਤੀ ਹੈ ਅਤੇ ਰੱਜ ਕੇ ਇਸ ਨੂੰ ਅਸ਼ੁੱਧ ਵੀ ਕੀਤਾ ਹੈ। ਭਾਵੇਂ ਅਸੀਂ ਕੋਈ ਵੀ ਕੰਮ ਕਾਰ ਕਰਦੇ ਹਾਂ। ਫੈਕਟਰੀਆਂ, ਸਰਵਿਸ ਸੈਂਟਰਾਂ ਜਾਂ ਹੋਰ ਖੇਤੀ ਦੀਆਂ ਫਸਲਾਂ ਵਿੱਚ ਪਾਣੀ ਦੀ ਦੁਰਵਰਤੋ ਬੇਹਿਸਾਬ ਹੋ ਰਹੀ ਹੈ। ਪਰ ਇਸ ਦੇ ਅੱਜ ਦੇ ਸਮੇਂ ਵਿੱਚ ਇਹ ਪਾਣੀ ਦੀ ਦੁਰਵਰਤੋਂ ਚੋਵੀ ਘੰਟੇ ਨਿਰਵਿਘਨ ਚੱਲਦੀ ਰਹਿੰਦੀ ਹੈ। ਇਸ ਦਾ ਵੱਡਾ ਕਾਰਨ ਹੈ ਸਾਡੀ ਅਣਦੇਖੀ। ਸਾਡੇ ਘਰਾਂ ਤੋਂ ਹੀ ਇਸ ਦੀ ਦੁਰਵਰਤੋਂ ਸ਼ੁਰੂ ਹੋ ਜਾਂਦੀ ਹੈ । ਅੱਜ ਕੱਲ੍ਹ ਘਰਾਂ ਵਿੱਚ ਪਾਣੀ ਦੀ ਟੂਟੀ ਹਰ ਕੋਈ ਆਪਣੇ ਬਿਲਕੁਲ ਨੇੜੇ ਕਰੀ ਬੈਠਾ ਹੈ ਕਿ ਮੈਨੂੰ ਕਿਤੇ ਦੂਰ ਚੱਲ ਕੇ ਨਾ ਜਾਣਾ ਪਵੇ।

ਕਈ ਘਰਾਂ ਦੇ ਬੱਚੇ ਤਾਂ ਕਿ ਸਿਆਣੇ ਬੰਦੇ ਵੀ ਪਾਣੀ ਦੀ ਟੂਟੀ ਨੂੰ ਚੰਗੀ ਤਰਾਂ ਬੰਦ ਨਹੀਂ ਕਰਦੇ ਅਤੇ ਓਹ ਸਾਰਾ ਦਿਨ ਅਤੇ ਕਈ ਵਾਰ ਸਾਰੀ ਰਾਤ ਚੱਲਦੀ ਹੀ ਰਹਿੰਦੀ ਹੈ । ਇਹ ਪਾਣੀ ਦੀ ਪੂਰਤੀ ਅਸੀਂ ਕਿੱਥੋਂ ਕਰਨੀ ਹੈ ਜੋ ਬਿਨਾਂ ਲੋੜ ਤੋਂ ਹੀ ਬਹਿ ਗਿਆ। ਦੰਦਾਂ ਨੂੰ ਸਾਫ ਕਰਦੇ ਸਮੇਂ ਵੀ ਇਸ ਗੱਲ ਦਾ ਧਿਆਨ ਨਹੀਂ ਹੁੰਦਾ ਕਿ ਤੁਹਾਡੀ ਟੂਟੀ ਲਗਾਤਾਰ ਚੱਲੀ ਜਾ ਰਹੀ ਹੈ । ਇਹੀ ਹਾਲ ਹੁੰਦਾ ਜਦੋਂ ਅਸੀਂ ਸਾਬਣ ਨਾਲ ਹੱਥ ਵਗੈਰਾ ਧੋਣੇ ਹੁੰਦੇ ਹਨ। ਜਿਨਾਂ ਚਿਰ ਹੱਥਾਂ ਤੇ ਸਾਬਣ ਲੱਗਦਾ ਹੈ ਓਨਾ ਟਾਈਮ ਹੀ ਪਾਣੀ ਚੱਲਦਾ ਰਹਿੰਦਾ ਹੈ। ਘਰਾਂ ਵਿੱਚ ਭਾਂਡੇ ਧੋਣੇ, ਕੱਪੜੇ ਧੋਣੇ ਜਾਂ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਜਿਸ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ।

ਪਰ ਅਸੀਂ ਇਹਨਾਂ ਕੰਮਾਂ ਵਿੱਚ ਵੀ ਖ਼ੂਬ ਪਾਣੀ ਦੀ ਦੁਰਵਰਤੋਂ ਕਰਦੇ ਹਾਂ। ਅੱਜ ਤੋਂ ਥੋੜਾ ਪੁਰਾਣੇ ਸਮੇਂ ਵਿੱਚ ਝਾਤ ਮਾਰੀਏ ਤਾਂ ਪਾਣੀ ਦੀ ਇਹ ਦੁਰਵਰਤੋਂ ਬਹੁਤ ਹੀ ਘੱਟ ਨਾ ਦੇ ਬਰਾਬਰ ਸੀ। ਲੋਕ ਨਹਾਉਣ ਲਈ ਕੇਵਲ ਇੱਕ ਬਾਲਟੀ ਭਰ ਕੇ ਨਹਾ ਲੈਂਦੇ ਸਨ ।ਅੱਜ ਅਸੀਂ ਅਗਾਂਹਵਧੂ ਸੋਚ ਵਾਲੇ ਇੱਕ ਵਾਰੀ ਨਹਾਉਣ ਲਈ ਸੌ ਲੀਟਰ ਤੱਕ ਪਾਣੀ ਵੀ ਬਹਾ ਦਿੰਦੇ ਹਾਂ। ਇਸ ਨੂੰ ਇੱਕ ਬਾਲਟੀ ਤੱਕ ਸੀਮਤ ਕੀਤਾ ਜਾ ਸਕਦਾ ਹੈ। ਏਦਾਂ ਹੀ ਬ੍ਰੁਸ਼ ਕਰਦੇ ਹੋਏ ਵੀ ਅਸੀਂ ਪਾਣੀ ਦੀ ਬੇਹਿਸਾਬ ਵਰਤੋਂ ਕਰੋ ਜਾਂਦੇ ਹਾਂ ਜੋ ਕਿ ਇਕ ਦੋ ਕੱਪ ਪਾਣੀ ਨਾਲ ਵੀ ਕੰਮ ਚੱਲਦਾ ਹੈ।

ਕੱਪੜੇ ਧੋਣ ਲੱਗੇ ਜਾਂ ਭਾਂਡੇ ਸਾਫ ਕਰਨ ਲੱਗੇ ਪਾਣੀ ਦੀ ਟੂਟੀ ਲੋੜ ਅਨੁਸਾਰ ਚਲਾ ਕੇ ਜਾਂ ਬਾਲਟੀ ਭਰ ਕੇ , ਟੂਟੀ ਨੂੰ ਹੌਲੀ ਕਰਕੇ ਇਹ ਕੰਮ ਕੀਤੇ ਜਾ ਸਕਦੇ ਹਨ ਹੁਣ ਸਭ ਕਹਿਣਗੇ ਕਿ ਜੌਬ ਕਰਨ ਵਾਲੇ ਕੋਲ ਏਨਾ ਟਾਈਮ ਕਿੱਥੇ , ਪਰ ਸੋਚ ਕੇ ਦੇਖੋ ਜੇਕਰ ਸੱਚੀਂ ਜਿੱਥੇ ਕਿਤੇ ਪਾਣੀ ਅਜੇ ਉਪਲੱਭਧ ਹੈ , ਓਥੇ ਪਾਣੀ ਭਰਨ ਲਈ ਸਾਨੂੰ ਘਰੋਂ ਕਿਲੋਮੀਟਰ ਤੱਕ ਜਾਣਾ ਪੈ ਜਾਵੇ ਤਾਂ ਸਾਡੀ ਕੀ ਹਾਲਤ ਹੋਵੇਗੀ। ਅਸੀਂ ਇਹ ਸਭ ਸਮਝ ਸਕਦੇ ਹਾਂ। ਪਾਣੀ ਬਰਬਾਦ ਕਰਨ ਦੇ ਸਾਧਨ ਅੱਜ ਦੇ ਮਾਡਰਨ ਜ਼ਮਾਨੇ ਦੀ ਦੇਣ ਹਨ ਅਤੇ ਅਸੀਂ ਬਿਨਾਂ ਸੋਚੇ ਹੀ ਪਾਣੀ ਦੀ ਦੁਰਵਰਤੋਂ ਕਰੀ ਜਾ ਰਹੇ ਹਾਂ।

ਜੇਕਰ ਇਹੀ ਹਾਲ ਰਿਹਾ ਤਾਂ ਓਹ ਦਿਨ ਦੂਰ ਨਹੀਂ ਜਦੋਂ ਆਉਣ ਵਾਲ਼ੀਆਂ ਪੀੜ੍ਹੀਆਂ ਤੇ ਹੋ ਸਕਦਾ ਹੁਣ ਵਾਲੇ ਲੋਕ ਵੀ ਪੀਣ ਵਾਲੇ ਪਾਣੀ ਨੂੰ ਤਰਸਣਗੇ। ਲੋੜ ਹੈ ਇਸ ਕੁਦਰਤ ਦੀ ਅਣਮੋਲ ਦੇਣ ਜੀਵਨ ਰੂਪੀ ਪਾਣੀ ਨੂੰ ਸੰਭਾਲਣ ਦੀ। ਬੱਚਿਆਂ ਨੂੰ ਅਤੇ ਵੱਡਿਆਂ ਨੂੰ ਇਹ ਗੱਲ ਜਰੂਰ ਸਮਝਣੀ ਜਾਂ ਸਮਝਾਉਣੀ ਚਾਹੀਦੀ ਹੈ ਕਿ ਅਸੀਂ ਇਸ ਦੁਰਵਰਤੋਂ ਨੂੰ ਕਿਵੇਂ ਰੋਕ ਸਕਦੇ ਹਾਂ। ਇਹ ਹੰਭਲਾ ਸਾਨੂੰ ਹੀ ਮਾਰਨਾ ਪੈਣਾ ਕਿਸੇ ਹੋਰ ਪ੍ਰਜਾਤੀ ਨੇ ਸਾਨੂੰ ਇਹ ਸਮਝਾਉਣ ਨਹੀਂ ਆਉਣਾ ਕਿਓਂ ਕਿ ਇਨਸਾਨ ਤੋਂ ਸਿਆਣਾ ਕੋਈ ਜੀਵ ਨਹੀਂ ਇਸ ਧਰਤੀ ਤੇ। ਹੁਣ ਚਾਹੇ ਅਸੀਂ ਆਪਣੇ ਘਰ ,ਮੁਹੱਲੇ ਜਾਂ ਪਿੰਡ ਤੋਂ ਸ਼ੁਰੂ ਕਰੀਏ ਜਾਂ ਲਗਾਤਾਰ ਲੋਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਸਮਝਾਉਣ ਦਾ ਯਤਨ ਕਰੀਏ।

ਪਾਣੀ ਦੀ ਬਰਬਾਦੀ ਦੇ ਹੋਰ ਵੀ ਬਹੁਤ ਕਾਰਨ ਹਨ ਪਰ ਲੋੜ ਹੈ ਕਿ ਅਸੀਂ ਆਪਣੇ ਆਪ ਤੋਂ ਹੀ ਸ਼ੁਰੂ ਕਰੀਏ ਕਿ ਇਸ ਅਨਮੋਲ ਪਾਣੀ ਨੂੰ ਅਸੀਂ ਹਰ ਰੋਜ਼ ਕਿੰਨਾ ਕੂ ਬਚਾ ਸਕਦੇ ਹਾਂ। ਘਰਾਂ ਵਿੱਚ ਲੱਗੇ ਪਾਣੀ ਵਾਲੇ ਫਿਲਟਰ ਦਾ ਵੇਸਟ ਪਾਣੀ ਵੀ ਕਈ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਲੋੜ ਹੈ ਥੋੜਾ ਜਿਹਾ ਧਿਆਨ ਦੇਣ ਦੀ। ਸਾਡਾ ਧਿਆਨ ਅਕਸਰ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਭਟਕਿਆ ਹੀ ਰਹਿੰਦਾ ਹੈ ।ਅਸੀਂ ਕਈ ਵਾਰ ਘਰ ਦਾ ਰਸਤਾ ਤੱਕ ਭੁੱਲ ਜਾਂਦੇ ਹਾਂ। ਜੇਕਰ ਅਸੀਂ ਕਾਹਲੀ ਉੱਪਰ ਕਾਬੂ ਕਰ ਲਿਆ ਤਾਂ ਸਮਝੋ ਗੱਲ ਬਣ ਗਈ।

ਪਰ ਸਾਡੇ ਖਿਆਲ ਰੱਖਣ ਨਾਲ ਹੀ ਕੋਈ ਵੀ ਬੱਚਤ ਸੰਭਵ ਹੈ ਚਾਹੇ ਉਹ ਪਾਣੀ ਹੋਵੇ ਜਾਂ ਕੋਈ ਹੋਰ ਘਰ ਦੀ ਚੀਜ਼ ਜਾਂ ਰੁਪਏ ਪੈਸੇ ਦੀ ਗੱਲ ਹੋਵੇ। ਜੇਕਰ ਅਸੀਂ ਇਸ ਅਣਮੁੱਲੀ ਪਾਣੀ ਦੀ ਦੇਣ ਨੂੰ ਸਾਂਭ ਸਕੀਏ ਜਿੱਥੇ ਸਾਡੀ ਇਹ ਕੁਦਰਤ ਦੀ ਅਨਮੋਲ ਦੇਣ ਬਚੀ ਰਹੇਗੀ ਸਗੋਂ ਹੋ ਸਕਦਾ ਹੈ ਕਿ ਅਸੀਂ ਹਰ ਛੋਟੀ ਜਿਹੀ ਬੱਚਤ ਵੱਲ ਵੀ ਧਿਆਨ ਦੇਣ ਲੱਗ ਜਾਵਾਂਗੇ, ਜਿਸ ਨਾਲ ਸਾਡਾ ਜੀਵਨ ਖੁਸ਼ਹਾਲ ਹੋ ਸਕਦਾ ਹੈ।

ਧਰਮਿੰਦਰ ਸਿੰਘ ਮੁੱਲਾਂਪੁਰੀ

ਮੋਬਾ 9872000461

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯਾਰ ਜੀ
Next articleਦੁਨੀਆਂ ਦਾ ਮੇਲਾ