ਸ੍ਰੀ ਗੋਇੰਦਵਾਲ ਸਾਹਿਬ (ਸਮਾਜਵੀਕਲੀ): ਥਾਣਾ ਗੋਇੰਦਵਾਲ ਸਾਹਿਬ ਤੋਂ 200 ਗਜ ਦੂਰੀ ’ਤੇ ਸਥਿਤ ਪਿੰਡ ਖੱਖ ਵਿੱਚ ਅੱਜ ਕੁੱਝ ਵਿਅਕਤੀਆਂ ਨੇ ਇੱਕ ਘਰ ਵਿੱਚ ਜਬਰੀ ਦਾਖ਼ਲ ਹੋ ਕੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀੜਤ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਵੱਲੋ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੀੜਤ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਖੱਖ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਜਬਰੀ ਦਾਖਲ ਹੋ ਕੇ ਕਰਮਜੀਤ ਸਿੰਘ ਵਾਸੀ ਸੁਰਸਿੰਘ, ਮੰਗਾ ਸਿੰਘ ਵਾਸੀ ਖੱਖ ਗੋਇੰਦਵਾਲ ਸਾਹਿਬ ਅਤੇ ਜਸਵੰਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨਿਸ਼ਾਨ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀੜਤ ਪਰਿਵਾਰ ਨੇ ਥਾਣਾ ਗੋਇੰਦਵਾਲ ਸਾਹਿਬ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਉੱਧਰ ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਦੋਂਕਿ ਜ਼ਖ਼ਮੀ ਨਿਸ਼ਾਨ ਸਿੰਘ ਦੇ ਪਿਤਾ ਕਾਕਾ ਸਿੰਘ ਤੇ ਪਤਨੀ ਸਰਬਜੀਤ ਕੌਰ ਨੇ ਦੋਸ਼ ਲਗਾਏ ਕਿ ਪੁਲੀਸ ਵੀ ਹਮਲਾਵਰਾਂ ਦਾ ਸਾਥ ਦੇ ਰਹੀ ਹੈ। ਪੁਲੀਸ ਵੱਲੋ ਕਾਬੂ ਕੀਤੇ ਗਏ ਦੋ ਹਮਲਾਵਰਾਂ ਵਿੱਚੋਂ ਇੱਕ ਨੂੰ ਛੱਡ ਦਿੱਤਾ ਗਿਆ ਹੈ ਅਤੇ ਛੱਡਿਆ ਗਿਆ ਹਮਲਾਵਰ ਖੁ਼ਦ ਨੂੰ ਸੱਟ ਮਾਰ ਕੇ ਹਸਪਤਾਲ ’ਚ ਦਾਖ਼ਲ ਹੋ ਗਿਆ ਹੈ। ਪੀੜਤ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਏਐਸਆਈ ਹਰਭੇਜ ਸਿੰਘ ਨੇ ਦੱਸਿਆ ਕਿ ਪਿੰਡ ਖੱਖ ਵਿੱਚ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝੜਪ ਹੋਈ ਸੀ ਜਿਸ ਵਿੱਚ ਦੋਹਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਇਸ ਝਗੜੇ ਸਬੰਧੀ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਦੀ ਐੱਮਐੱਲਆਰ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।