ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) : ਨੈਸ਼ਨਲ ਕੋਆਪ੍ਰੇਟਿਵ ਯੂਨੀਅਨ ਆਫ਼ ਇੰਡੀਆ ਅੰਤਰਗਤ – ਸਰਬਪੱਖੀ ਪੇਂਡੂ ਤੇ ਸ਼ਹਿਰੀ ਵਿਕਾਸ ਯੋਜਨਾ ਤਹਿਤ ਸ਼ਾਮਚੁਰਾਸੀ ਕਠਾਰ ਰੋਡ ਤੇ ਬਹੋਦੀਨਪੁਰ ਜਲਭੇ ਵਿਖੇ ਸਥਿਤ ਨਰਸਰੀ ਵਿਚ ਅੱਜ ਸਰਕਾਰੀ ਹਦਾਇਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਵੱਖ-ਵੱਖ ਅਫ਼ਸਰਾਂ ਨੇ ਘਰ ਘਰ ਵਿਚ ਹਰਿਆਲੀ ਪੰਚਾਉਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਨਰਸਰੀ ਸੰਚਾਲਕ ਦਲਵੀਰ ਲਾਲ ਹੀਰਾ ਦੀ ਅਗਵਾਈ ਹੇਠ ਵਿਢੇ ਗਏ ਇਕ ਸੰਖੇਪ ਪ੍ਰੋਗਰਾਮ ਦੌਰਾਨ ਸੈਲਫ ਹੈਲਫ ਗਰੁੱਪ ਨੂੰ ਪ੍ਰਮੋਟ ਕਰਨ ਲਈ ਗੁਰਿੰਦਰ ਸਿੰਘ ਬਰਾੜ ਐਫ ਜੀ ਆਈ ਵਲੋਂ ਨਰਸਰੀ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਤਿਆਰ ਹੋਣ ਵਾਲੇ ਫ਼ਲਦਾਰ, ਫੁੱਲਦਾਰ ਬੂਟਿਆਂ ਦਾ ਪਾਰਖੂ ਅੱਖ ਨਾਲ ਨਿਰੀਖਣ ਕੀਤਾ ਅਤੇ ਇੱਥੇ ਕਾਰਜਸ਼ੀਲ ਸਮੁੱਚੀ ਟੀਮ ਨੂੰ ਘਰ ਘਰ ਵਿਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਦਲਵੀਰ ਲਾਲ ਹੀਰਾ ਨੇ ਦੱਸਿਆ ਕਿ ਇੱਥੇ ਫ਼ਲਦਾਰ, ਫੁੱਲਦਾਰ ਬੂਟਿਆਂ ਤੋਂ ਇਲਾਵਾ ਆਯੂਰਵੈਦਿਕ ਪਲਾਂਟ, ਘਰੇਲੂ ਬਗੀਚੀ ਦੇ ਸੀਜਨਲ ਪਲਾਂਟ, ਸਬਜੀਆਂ ਦੀਆਂ ਵੇਲਾਂ, ਜੈਵਿਕ ਖਾਦਾਂ ਨਾਲ ਤਿਆਰ ਕੀਤੇ ਹੋਰ ਲਾਭਦਾਇਕ ਬੂਟੇ ਮੌਜੂਦ ਹਨ। ਸ਼੍ਰੀ ਹੀਰਾ ਨੇ ਕਿਹਾ ਕਿ ਉਹ ਵਾਤਾਵਰਣ ਦੀ ਸਾਂਭ ਸੰਭਾਲ ਲਈ ਇੱਥੋਂ ਸਮੁੱਚੇ ਖੇਤਰ ਲਈ ਪ੍ਰਸ਼ਾਦ ਦੇ ਰੂਪ ਵਿਚ ਲੋਕਾਂ ਨੂੰ ਬੂਟੇ ਵੰਡਣਗੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਵਾਤਾਵਰਣ ਪ੍ਰੇਮੀ ਮਾ. ਰਾਮ ਲੁਭਾਇਆ, ਅਸ਼ਵਨੀ ਕੁਮਾਰ ਸੀ ਈ ਆਈ, ਜੇ ਆਰ ਮਸਕੀਨ, ਨੀਲ ਕਮਲ ਹੀਰਾ, ਪ੍ਰਸ਼ੋਤਮ ਸਿੰਘ, ਕੁਲਦੀਪ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।