ਘਰੋਂ ਭੱਜੇ ਪ੍ਰੇਮੀ-ਪ੍ਰੇਮਿਕਾ ਦੀ ਕਾਰ ਨਹਿਰ ’ਚ ਡਿੱਗੀ

ਗੜ੍ਹਸ਼ੰਕਰ-ਇਕੇ ਅੱਜ ਬਾਅਦ ਦੁਪਹਿਰ ਸਥਾਨਕ ਬਿਸਤ ਦੋਆਬ ਨਹਿਰ ਕੋਲ ਪੈਂਦੇ ਪਿੰਡ ਪੋਸੀ ਕੋਲ ਘਰੋਂ ਭੱਜੇ ਇਕ ਲੜਕੇ ਅਤੇ ਲੜਕੀ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸੁੱਕੀ ਨਹਿਰ ਵਿਚ ਡਿੱਗ ਪਈ। ਇਹ ਕਾਰ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਉਕਤ ਨੌਜਵਾਨ ਜੋੜੇ ਦੇ ਪਰਿਵਾਰਕ ਮੈਂਬਰ ਵੱਖਰੇ ਵਾਹਨ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਘਬਰਾਏ ਨੌਜਵਾਨ ਨੇ ਕਾਰ ਦੀ ਰਫਤਾਰ ਤੇਜ਼ ਕਰ ਦਿੱਤੀ ਪਰ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਹਾਦਸੇ ਵਾਲੀ ਥਾਂ ’ਤੇ ਪੁੱਜੇ ਇਸ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਦਿੱਤੀ।
ਇਸ ਪਿੱਛੋਂ ਇਹ ਮਾਮਲਾ ਮਾਹਿਲਪੁਰ ਪੁਲੀਸ ਕੋਲ ਪੁੱਜ ਗਿਆ ਅਤੇ ਪੁਲੀਸ ਅਧਿਕਾਰੀਆਂ ਨੇ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਿਆ। ਪੁਲੀਸ ਅਨੁਸਾਰ ਲੜਕੇ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਇਸ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਨਜਿੱਠਣ ਲਈ ਕਿਹਾ ਗਿਆ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਆਪਸੀ ਸਹਿਮਤੀ ਲਈ ਨਾਲ ਉਕਤ ਲੜਕੇ ਅਤੇ ਲੜਕੀ ਨੂੰ ਬਿਠਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ।
ਇਸ ਮੌਕੇ ਲੜਕੇ ਅਤੇ ਲੜਕੀ ਨੇ ਇਕ ਦੂਜੇ ਨਾਲ ਵਿਆਹ ਕਰਨ ਦੀ ਪੇਸ਼ਕਸ਼ ਰੱਖੀ। ਇਸ ਪਿੱਛੋਂ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਸਮਾਜਿਕ ਰਸਮਾਂ ਦੁਆਰਾ ਉਕਤ ਲੜਕੇ ਲੜਕੀ ਦਾ ਵਿਆਹ ਕਰਕੇ ਲੜਕੀ ਨੂੰ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ।
ਪ੍ਰੇਮੀ ਲੜਕਾ ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਝੋਨੋਵਾਲ ਦਾ ਅਤੇ ਲੜਕੀ ਗੜ੍ਹਸ਼ੰਕਰ ਨੇੜਲੇ ਪਿੰਡ ਪਦਰਾਣਾ ਦੀ ਵਸਨੀਕ ਦੱਸੀ ਜਾ ਰਹੀ ਹੈ। ਅੱਜ ਪੂਰਾ ਦਿਨ ਇਸ ਘਟਨਾ ਦੀ ਇਲਾਕੇ ਵਿਚ ਖੂਬ ਚਰਚਾ ਛਿੜੀ ਰਹੀ।

Previous articleRape victim’s mom urges Kejriwal to take action against AAP leader
Next articleFight against CAA second battle of independence: Mamata