ਐਸ.ਏ.ਐਸ. ਨਗਰ (ਮੁਹਾਲੀ)– ਘਰੇਲੂ ਝਗੜੇ ਦੌਰਾਨ ਆਪਣੀ ਪਤਨੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਮੁਅੱਤਲੀ ਅਧੀਨ ਡੀਐੱਸਪੀ ਅਤੁਲ ਸੋਨੀ ਨੂੰ ਪੁੱਛਗਿੱਛ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ। ਡੀਐੱਸਪੀ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਹਾਲਾਂਕਿ ਪੁਲੀਸ ਨੇ ਡੀਐੱਸਪੀ ਸੋਨੀ ਦੇ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪ੍ਰੰਤੂ ਅਦਾਲਤ ਨੇ ਸਿਰਫ਼ ਦੋ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਇਸ ਦੌਰਾਨ ਪੁਲੀਸ ਵੱਲੋਂ ਮੁਲਜ਼ਮ ਡੀਐੱਸਪੀ ਨੂੰ ਵੀਆਈਪੀ ਟਰੀਟਮੈਂਟ ਵੀ ਦਿੱਤਾ ਗਿਆ। ਨਿਯਮਾਂ ਮੁਤਾਬਕ ਹਰੇਕ ਮੁਲਜ਼ਮ ਨੂੰ ਜੇਲ੍ਹ ’ਚੋਂ ਲਿਆ ਕੇ ਅਦਾਲਤ ਵਿੱਚ ਪੇਸ਼ ਕਰਨ ਸਮੇਂ ਉਨ੍ਹਾਂ ਨੂੰ ਹੋਰਨਾਂ ਕੈਦੀਆਂ ਵਾਂਗ ਅਦਾਲਤ ਵਿੱਚ ਸਥਿਤ ਬਖਸ਼ੀਖਾਨੇ ਵਿੱਚ ਰੱਖਿਆ ਜਾਂਦਾ ਹੈ, ਪਰ ਡੀਐੱਸਪੀ ਸੋਨੀ ਨਾਲ ਨਰਮੀ ਵਰਤਦਿਆਂ ਪੁਲੀਸ ਨੇ ਉਨ੍ਹਾਂ ਨੂੰ ਬਖਸ਼ੀਖਾਨੇ ਦੀ ਥਾਂ ਵਕੀਲ ਦੇ ਚੈਂਬਰ ਵਿੱਚ ਬਿਠਾਇਆ। ਅਦਾਲਤੀ ਪੇਸ਼ੀ ਮਗਰੋਂ ਡੀਐੱਸਪੀ ਨੂੰ ਮੀਡੀਆ ਦੀ ਨਜ਼ਰ ਤੋਂ ਬਚਾਉਣ ਲਈ ਬੇਸਮੈਂਟ ਦੇ ਰਸਤੇ ਸੈਂਟਰਲ ਥਾਣਾ ਫੇਜ਼-8 ਵਿੱਚ ਲਿਜਾਇਆ ਗਿਆ। ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ।
ਡੀਐੱਸਪੀ ਸੋਨੀ ਖ਼ਿਲਾਫ਼ ਉਸ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਅਧਿਕਾਰੀ ਦੀ ਅਪੀਲ ’ਤੇ ਮੁਹਾਲੀ ਅਦਾਲਤ ਨੇ ਬੀਤੀ 5 ਫਰਵਰੀ ਨੂੰ ਸੋਨੀ ਦੇ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸੀ। ਪਿਛਲੇ ਦਿਨੀਂ ਉਸ ਨੇ ਪੁਲੀਸ ਨੂੰ ਝਕਾਨੀ ਦੇ ਕੇ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ। ਸੋਮਵਾਰ ਤੋਂ ਉਹ ਰੂਪਨਗਰ ਜੇਲ੍ਹ ਵਿੱਚ ਬੰਦ ਸੀ। ਉਧਰ, ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਦਾ ਕਹਿਣਾ ਹੈ ਕਿ ਡੀਐੱਸਪੀ ਦੀ ਪਤਨੀ ਸ੍ਰੀਮਤੀ ਸੁਨੀਤਾ ਸੋਨੀ ਵੀ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੀ ਹੈ। ਉਸ ਨੂੰ ਪਹਿਲਾਂ ਵੀ ਆਪਣੇ ਬਿਆਨ ਕਰਵਾਉਣ ਲਈ ਸੰਮਨ ਕਰਕੇ ਥਾਣੇ ਤਲਬ ਕੀਤਾ ਗਿਆ ਸੀ ਪਰ ਉਹ ਪੁਲੀਸ ਸਾਹਮਣੇ ਪੇਸ਼ ਨਹੀਂ ਹੋਏ। ਹੁਣ ਉਨ੍ਹਾਂ ਨੂੰ ਦੁਬਾਰਾ ਸੱਦਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੀ 18 ਜਨਵਰੀ ਨੂੰ ਡੀਐੱਸਪੀ ਸੋਨੀ ਦਾ ਉਸ ਦੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼
ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਡੀਐੱਸਪੀ ਅਤੁਲ ਸੋਨੀ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਉਹ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਹਨ। ਪੁਲੀਸ ਅਧਿਕਾਰੀ ਦੇ ਘਰ ’ਚੋਂ ਬਰਾਮਦ ਹੋਏ ਕਥਿਤ ਨਾਜਾਇਜ਼ ਅਸਲੇ ਵੀ ਪੁੱਛਗਿੱਛ ਕੀਤੀ ਜਾਣੀ ਹੈ ਕਿਉਂਕਿ ਸਰਕਾਰੀ ਹਥਿਆਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਕੋਲ ਨਾਜਾਇਜ਼ ਅਸਲਾ ਕਿਸ ਮੰਤਵ ਲਈ ਰੱਖਿਆ ਹੋਇਆ ਸੀ ਅਤੇ ਉਸ ਨੇ ਇਹ ਅਸਲਾ ਕਿੱਥੋਂ ਲਿਆਂਦਾ ਸੀ, ਇਨ੍ਹਾਂ ਸਾਰੇ ਪਹਿਲੂਆਂ ’ਤੇ ਪੁੱਛਗਿੱਛ ਕੀਤੀ ਜਾਵੇਗੀ। ਘਰੇਲੂ ਹਿੰਸਾ ਦੇ ਮਾਮਲੇ ਵਿੱਚ ਪਹਿਲਾਂ ਉਸ ਤੋਂ ਇਕੱਲਿਆਂ ਪੁੱਛਗਿੱਛ ਕੀਤੀ ਜਾਵੇਗੀ। ਇਸ ਮਗਰੋਂ ਉਸ ਦੀ ਪਤਨੀ ਨੂੰ ਆਹਮੋ-ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਝਗੜੇ ਤੋਂ ਬਾਅਦ ਸ੍ਰੀਮਤੀ ਸੋਨੀ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਗਏ ਸਨ।