ਗੱਲ ਸਹੇ ਦੀ ਨੀ , ਪਹੇ ਦੀ ਹੈ.!

(ਸਮਾਜ ਵੀਕਲੀ)

ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਉਤੇ ਅੜਾਖੋੜ ਗੱਡ ਦਿਤਾ ਸੀ । ਗੱਲ ਸਹੇ ਦੀ ਨੀ , ਪਹੇ ਦੀ ਬਣ ਗਈ ਸੀ ।

ਪਹੇ ਬਚਾ ਲੋ…ਨਹੀਂ ਤੇ ਡੰਡੀ ਤੋਂ ਪਹੀ..ਪਹੀ ਤੋਂ ਰਸਤਾ …ਰਸਤੇ ਤੋਂ ਰੋਡ ਬਣ ਜਾਣਾ ਹੈ ! ਸਮਝ ਲਵੋ ਗੱਲ …!

ਉਨ੍ਹਾਂ ਨੂੰ ਨਹੀਂ ਪੈਣਾ ਕੋਈ ਫਰਕ , ਭਾਵੇਂ ਹੈ ਦੋਹਾਂ ਦਾ ਆਪੋ ਆਪਣਾ ਤਰਕ । ਕਿਧਰੇ ਕੋਈ ਫਰਕ ਨਹੀਂ ਪਿਆ..ਹੁਣ ਧਰਨਾ ਵੀ ਚੱਲਦਾ ਹੈ ਤੇ ਸਰਕਾਰ ਵੀ ਚੱਲੀ ਜਾ ਰਹੀ ਹੈ । ਸਰਹੱਦੀ ਮੋਰਚਿਆਂ ਵਾਂਗੂੰ ਰੁਕ ਰੁਕ ਕੇ ਗੋਲਾਬਾਰੀ ਹੁੰਦੀ ਹੈ। ਕਦੇ ਸੀਜ਼ ਫੈਰ ਹੁੰਦਾ ਹੈ। ਠੰਡੀ ਜੰਗ ਦਾ ਕੋਈ ਨਤੀਜਾ ਨਹੀਂ ਹੁੰਦਾ । ਸਿਆਣੇ ਆਖਦੇ ਹਨ ਕਿ ” ਚਾਹ ਥੱਲੇ ਦੀ ਲੜ੍ਹਾਈ ਹੱਲੇ ਦੀ।” ਬਾਕੀ ਜ਼ਿੰਦਗੀ ਕੀ ਕੱਲੇ ਦੇ….?

ਮਨੁੱਖ ਨੇ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਹੈ, ਡੰਡੀਆਂ ਪੰਗਡੰਡੀਆਂ ਬਣੀਆਂ। ਰਸਤੇ ਸੜਕਾਂ ਬਣ ਗਏ। ਮਨੁੱਖ ਦੇ ਵਿਕਾਸ ਦਾ ਇਹ ਸਫ਼ਰ ਲੰਮਾ ਹੈ। ਤੁਰਨ ਦੇ ਨਾਲ ਨਾਲ ਮਨੁੱਖ ਨੇ ਗਧੇ, ਘੋੜੇ , ਬਲਦ ਗੱਡੇ ਤੋਂ ਗੱਡੀਆਂ ਤੱਕ ਦਾ ਸਫ਼ਰ ਕੀਤਾ ਤੇ ਜਿਹੜਾ ਰਾਕਟਾਂ, ਹਵਾਈ ਤੇ ਸਮੁੰਦਰੀ ਜਹਾਜਾਂ ਤੱਕ ਅੱਗੇ ਵਧਿਆ । ਕਦੇ ਵੀ ਆਮ ਮਨੁੱਖ ਦਾ ਨਹੀਂ ਵਿਕਾਸ ਕਰਦਾ। ਸਗੋ ਵਿਕਾਸ ਸਰਮਾਏਦਾਰੀ ਦਾ ਹੁੰਦਾ ਪਰ ਅਸੀਂ ਸੁਖ ਸਹੂਲਤਾਂ ਦੇ ਭੁਲੇਖੇ ਵਿੱਚ ਖੀਵੇ ਹੋ ਜਾਂਦੇ ਹਾਂ । ਮੁੱਢ ਤੋਂ ਭਰਮਬਾਜ਼ ਹਾਂ ਅਸੀਂ ।

ਇਹ ਰੇਲ ਪਟੜੀਆਂ , ਸੜਕਾਂ , ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਮਨੁੱਖੀ ਵਿਕਾਸ ਦੇ ਨਾਲੋਂ ਸਰਮਾਏਦਾਰਾਂ ਦਾ ਵਧੇਰੇ ਵਿਕਾਸ ਕੀਤਾ ਹੈ। ਪਰ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ । ਸਮਝ ਤਾਂ ਨਹੀਂ ਲੱਗੀ ਕਿਉਂਕਿ ਅਸੀਂ ਲੰਮਾ ਸਮਾਂ ਗੁਲਾਮੀ ਭੁਗਤੀ ਹੈ ਤੇ ਭੁਗਤ ਰਹੇ ਹਾਂ ।
ਤੇ ਨਾ ਹੀ ਅਸੀਂ ਇਸ ਗੁਲਾਮੀ ਤੋਂ ਮੁਕਤ ਹੋਣ ਦੇ ਲਈ ਕਦੇ ਚਾਰਾਜੋਈ ਹੀ ਨਹੀਂ ਕੀਤੀ। ਭਾਵੇਂ ਅਸੀਂ ਆਪਣੇ ਆਪ ਨੂੰ ਜੁਝਾਰੂ ਤੇ ਖਾੜਕੂ ਹੋਣ ਦਾ ਮਾਣ ਮਹਿਸੂਸ ਦੇ ਰਹੇ ਹਾਂ। ਅਸੀਂ ਤਾਂ ਬਾਲਣ ਵਾਂਗੂੰ ਸਦਾ ਵਰਤੇ ਜਾਂਦੇ ਰਹੇ। ਆਜ਼ਾਦੀ ਤੋਂ ਪਹਿਲਾਂ ਦੇਸ ਭਗਤ ਸੂਰਮੇ ਚੂਰਮੇ…ਫੇਰ ਅੰਨਦਾਤਾ…ਫੇਰ ਜਦੋਂ ਹੱਕ ਮੰਗੇ ਫੇਰ ਨਕਸਲਬਾੜੀ ..ਖਾੜਕੂ ਤੇ ਹੁਣ ਗੈਗਸਟਰ…ਸਫਰ ਤੇ ਜ਼ਫਰ ਜਾਰੀ ਹੈ…ਤਬਦੀਲੀ ਬਹੁਤ ਨਿਆਰੀ ਹੈ।

ਹੁਣ ਵੀ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਗ਼ੁਲਾਮ ਹਾਂ ਪਰ ਇਹ ਗ਼ੁਲਾਮੀ ਸਾਨੂੰ ਨਜ਼ਰ ਨਹੀਂ ਆਉਂਦੀ।

ਮੇਰਾ ਦਾਗਿਸਤਾਨ ਦਾ ਲੇਖਕ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ” ਉਹ ਜਦੋਂ ਆਪਣੇ ਪਿਤਾ ਦੇ ਰਸਤਿਆਂ ਤੇ ਤੁਰ ਕੇ ਸ਼ਹਿਰ ਜਾਂਦਾ ਸੀ ਤਾਂ ਉਸ ਨੂੰ ਇੱਕ ਬਜ਼ੁਰਗ ਨੇ ਆਖਿਆ ਸੀ ਕਿ ‘ਰਸੂਲ ਏਸ ਰਸਤੇ ਤਾਂ ਤੇਰਾ ਪਿਤਾ ਜਾਂਦਾ ਸੀ ਤੂੰ ਕੋਈ ਹੋਰ ਰਸਤਾ ਬਣਾ।”
ਰਸੂਲ ਨੂੰ ਇਹ ਗੱਲ ਇਸ ਲਈ ਆਖੀ ਸੀ ਅਸੀਂ ਅਕਸਰ ਪ੍ਰੰਪਰਾਵਾਦੀ ਹਾਂ ਅਸੀਂ ਪ੍ਰੰਪਰਾਵਾਂ ਨੂੰ ਹੀ ਹਮੇਸ਼ਾਂ ਅੱਗੇ ਰੱਖਦੇ ਹਾਂ। ਭਾਵੇਂ ਕਈ ਇਹ ਵੀ ਆਖ ਕੇ ਆਪਣੀ ਪਿੱਠ ਥਾਪੜਦੇ ਹਨ ਕਿ ਮੈਂ ਰਾਹਾਂ ‘ਤੇ ਨਹੀਂ ਤੁਰਦਾ,……! ਪਰ ਬਿਨਾਂ ਰਾਹ ਤੋਂ ਤੁਰਿਆ ਤਾਂ ਮੰਜ਼ਿਲ ਹੀ ਨਹੀਂ ਮਿਲਦੀ । ਪਰ …ਸੋਚ ਤੇ ਗੁਲਾਮ ਹੀ ਰਹਿੰਦੀ ਹੈ..

ਇਹ ਵੀ ਸੱਚ ਨਹੀਂ ਕਿ ਹਰ ਰਾਹ ਉਤੇ ਮੰਜ਼ਿਲ ਤੱਕ ਜਾਂਦਾ ਹੋਵੇ। ਕਈ ਵਾਰ ਅਸੀਂ ਭਰਮ ਦੇ ਵਿੱਚ ਭਟਕਦੇ ਹੋਏ ਭਟਕਣ ਦਾ ਹੀ ਸਫ਼ਰ ਕਰਦੇ ਹਾਂ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁ ਗਿਣਤੀ ਲੋਕ ਭਟਕਣ ਦਾ ਹੀ ਸਫ਼ਰ ਕਰਦੇ ਹਨ।

ਇਸੇ ਕਰਕੇ ਉਹ ਤੇ ਉਨਾਂ ਦੀਆਂ ਅਗਲੀਆਂ ਪੀੜੀਆਂ ਉਸੇ ਸਫ਼ਰ ‘ਤੇ ਤੁਰੀਆਂ ਰਹਿੰਦੀਆਂ ਹਨ. ਮਨੁੱਖ ਨੇ ਆਪਣੀ ਢਿੱਡ ਦੀ ਅੱਗ ਬੁਝਾਉਣ ਦੇ ਲਈ ਅੰਨ ਦੀ ਭਾਲ ਕੀਤੀ। ਅੰਨ ਉਗਾਇਆ, ਮਨੁੱਖ ਨੂੰ ਅੰਨਦਾਤਾ ਆਖਣ ਵਾਲਿਆਂ ਨੇ ਉਸ ਦੀ ਏਨੀ ਪ੍ਰਸੰਸਾ ਕੀਤੀ ਕਿ ਹੁਣ ਉਹ ਅੰਨਦਾਤਾ ਹੁਣ ਆਪਣੇ ਗਲ ਵਿੱਚ ਫਾਹੇ ਲੈ ਰਿਹਾ ਹੈ । ਸੜਕਾਂ ਤੇ ਧਰਨੇ ਦੇ ਰਿਹਾ ਹੈ। ਬੀਮਾਰੀਆਂ ਗਲ ਪਾ ਲਈਆਂ !
ਪਰ ਕਦੇ ਮਨੁੱਖ ਨੇ ਇਹ ਨਹੀਂ ਸੋਚਿਆ ਤੇ ਸਮਝਿਆ ਕਿ ਅੰਨਦਾਤਾ ਖੁਦਕਸ਼ੀ ਕਿਉਂ ਹੈ? ਅਸੀਂ ਜਦੋਂ ਦੇ ਘਰਾਂ ਤੋਂ ਕੋਠੀਆਂ ਤੱਕ ਪੁੱਜੇ ਹਾਂ, ਸਾਈਕਲਾਂ, ਸਕੂਟਰਾਂ ਤੋਂ ਮੋਟਰ ਗੱਡੀਆਂ ਤੱਕ ਆਏ ਹਾਂ ਤੇ ਸਾਡੀ ਜ਼ਿੰਦਗੀ ਦੀ ਜੀਵਨ ਸ਼ੈਲੀ ਬਦਲ ਗਈ ਹੈ। ਅਸੀਂ ਚੁੱਲੇ ਮੂਹਰੇ ਤੋਂ ਉਠ ਕੇ ਡੈਨਿੰਗ ਟੇਬਲ ਤੱਕ ਪੁੱਜ ਗਏ ਹਾਂ। ਦੁੱਧ ਦੀ ਥਾਂ ਤੇ ਦਾਰੂ ਆ ਗਈ ਹੈ।ਚਿੱਟੇ ਨੇ ਸਾਡੀ ਮੱਤ ਹੀ ਨੀ ਜੁਆਨੀ ਵੀ ਖਾ ਲਈ ਹੈ।

ਸਾਡੇ ਰਸਮ ਰਿਵਾਜ਼ ਬਦਲ ਗਏ ਹਨ। ਅਸੀਂ ਵਿਆਹ ਤੇ ਅੰਤਿਮ ਅਰਦਾਸਾਂ ਦਾ ਫਰਕ ਮਿਟਾ ਦਿੱਤਾ ਹੈ। ਅਸੀਂ ਨੱਕ ਦੇ ਗੁਲਾਮ ਹੋ ਗਏ ਹਾਂ ਬੁੱਢਾ ਤੇ ਬੁੱਢੀ ਨੂੰ ਵੱਡਾ ਕਰਨ ਦੇ ਚੱਕਰ ਫਸ ਗਏ ਹਾਂ । ਵਿਕ ਰਹੇ ਹਾਂ ਤੇ ਮਰ ਰਹੇ ਹਾਂ । ਭਾਵੇਂ ਇਹ ਸਭ ਕੁੱਝ ਕੁ ਲੋਕਾਂ ਨੇ ਸ਼ੁਰੂ ਕੀਤਾ ਸੀ, ਪਰ ਇਸ ਬੀਮਾਰੀ ਦਾ ਸ਼ਿਕਾਰ ਸਾਰਾ ਪੰਜਾਬ ਹੋ ਗਿਆ।ਹੁਣ ਇਸ ਬੀਮਾਰੀ ਤੋਂ ਕੋਈ ਵੀ ਘਰ ਨਾ ਬਚਿਆ। ਅਸੀਂ ਚਾਨਣੀ ਕਨਾਤਾਂ ਤੋਂ ਮੈਰਿਜ ਪੈਲਿਸਾਂ ਤੱਕ ਆ ਗਏ ਹਾਂ। ਵਿਆਹ ਵੱਡੇ ਕਰਨ ਦੇ ਨਾਲ ਸਾਡਾ ਸਿਰ ਉੱਚਾ ਨਹੀਂ ਹੋਇਆ, ਸਗੋਂ ਸਾਡੀ ਘੁਲਾੜੀ ਵਿੱਚ ਬਾਂਹ ਆਈ ਹੈ। ਅਸੀਂ ਮੈਰਿਜ ਪੈਲਿਸਾਂ ਦੇ ਵਿੱਚ ਆਪਣੀ ਖ਼ੁਦਕੁਸ਼ੀ ਦਾ ਐਲਾਨ ਕਰਦੇ ਹਾਂ। ਇਸੇ ਕਰਕੇ ਅਸੀਂ ਕਰਜ਼ੇ ਦੀਆਂ ਪੰਡਾਂ ਹੇਠ ਆ ਕੇ ਮਰਦੇ ਹਾਂ।

ਕਦੇ ਸੋਚਿਆ ਹੈ ਕਿ ਕਿਸੇ ਰੇਹੜੀ ਤੇ ਫੜੀ ਵਾਲੇ ਨੇ ਖ਼ੁਦਕੁਸ਼ੀ ਕੀਤੀ ਹੈ? ਹੁਣ ਕਿਰਤੀ ਕਿਸਾਨ ਨਹੀਂ ‘ਜੱਟ’ ਮਰ ਰਹੇ ਹਨ। ਕਿਸਾਨ ਤਾਂ ਕਿਰਤੀ ਸੀ। ਉਹ ਕਿਰਤ ਕਰਦਾ ਸੀ। ਠੀਕ ਐ ਕਿਰਤ ਦਾ ਮੁੱਲ ਸਰਕਾਰਾਂ ਨੇ ਨਹੀਂ ਪਾਇਆ। ਖ਼ੁਦਕੁਸ਼ੀਆਂ ਦਾ ਰਿਵਾਜ਼ ਵੀ ਹੁਣੇ ਹੀ ਵਧਿਆ ਹੈ, ਜਦੋਂ ਦੇ ਅਸੀਂ ਚਿੱਟੇ ਤੇ ਵਿਸ਼ਵੀਕਰਨ ਦੇ ਘੋੜੇ ‘ਤੇ ਸਵਾਰ ਹੋਏ ਹਾਂ। ਅਸੀਂ ਫਲਿਆਂ ਤੋਂ ਫਾਹਿਆਂ ਤੱਕ ਪੁੱਜੇ ਹਾਂ। ਜਦੋਂ ਸਾਡੇ ਪੁਰਖੇ ਫਲਿਆਂ ਦੇ ਨਾਲ ਅੰਨ ਪੈਦਾ ਕਰਦੇ ਸੀ, ਕਦੇ ਸੁਣਿਆ ਸੀ ਕਿ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਐ? ਇਹ ਤਾਂ ਜਦੋਂ ਦੀ ਸਰਕਾਰ ਨੇ ‘ਖ਼ੁਦਕੁਸ਼ੀ ਗਰਾਂਟ’ ਸ਼ੁਰੂ ਕੀਤੀ ਐ, ਇਹ ਰਿਵਾਜ਼ ਵਧ ਗਿਆ ਹੈ। ਪਰ ਕਦੇ ਅਸੀਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਨਹੀਂ ਦੇਖਿਆ ਕਿ ਅਸੀਂ ਜਿਸ ਰਸਤੇ ਤੁਰ ਰਹੇ ਹਾਂ ਇਹ ਕਿਸੇ ਮੰਜ਼ਿਲ ਵੱਲ ਨਹੀਂ ਜਾਂਦਾ।

ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਅਸੀਂ ਕੋਹਲੂ ਦੇ ਬਲਦ ਦੇ ਵਾਂਗ ਇੱਕ ਥਾਂ ‘ਤੇ ਘੁੰਮੀ ਜਾਂਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਸਾਨੂੰ ਮੰਜ਼ਿਲ ਨਹੀਂ ਮਿਲੀ। ਸਾਡੀ ਜੀਵਨ ਸ਼ੈਲੀ ਹੀ ਬਦਲੀ ਹੈ ਪਰ ਸੋਚ ਨੀ ਬਦਲੀ । ਅਸੀਂ ਜਦੋਂ ਦਾ ਕਿਰਤ ਦਾ ਪੱਲਾ ਛੱਡਿਆ ਹੈ, ਉਦੋਂ ਤੋਂ ਹੀ ਇਹ ਸਭ ਕੁੱਝ ਸ਼ੁਰੂ ਹੋਇਆ ਹੈ। ਅਸੀਂ ਰਸਤਿਆਂ ਦੀ ਤਲਾਸ਼ ਵਿੱਚ ਨਿਕਲਣ ਦੀ ਵਜਾਏ ਉਹੀ ਰਸਤਿਆਂ ਉੱਤੇ ਤੁਰੇ ਜਾ ਰਹੇ ਹਾਂ, ਇਸੇ ਕਰਕੇ ਸਾਡੇ ਆਲੇ-ਦੁਆਲੇ ਰਸਮਾਂ ਰਿਵਾਜ਼ਾਂ ਦੀ ਭੀੜ ਵਧ ਗਈ ਹੈ। ਹੁਣ ਅਸੀਂ ‘ਨੱਕ’ ਬਚਾਉਣ ਲਈ ਆਪਣੇ ਗਲੇ ਵਢਾਉਣ ਤੱਕ ਦਾ ਸਫ਼ਰ ਕਰ ਲਿਆ ਹੈ। ਇਹ ਪਤਾ ਨਹੀਂ ਅਸੀਂ ਇਸ ਸਫ਼ਰ ਦੇ ਰਾਹੀ ਕਦੋਂ ਤੱਕ ਬਣੇ ਰਹਿਣਾ ਹੈ? ਜਦੋਂ ਦੀਆਂ ਸਾਡੀਆਂ ਸੜਕਾਂ ਕੌਮੀ ਮਾਰਗ ਬਣੀਆਂ ਹਨ, ਇਨਾਂ ਦੁਆਲੇ ਵਾੜਾਂ ਕਰ ਦਿੱਤੀਆਂ ਹਨ, ਇਨਾਂ ਵਾੜਾਂ ਕਾਰਨ ਸੜਕਾਂ ਦੇ ਨਾਲ-ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਵਿਹਲੇ ਹੋ ਗਏ ਹਨ।

ਵੱਡੀਆਂ ਸੜਕਾਂ ਕਿਸੇ ਨੂੰ ਕਿਸੇ ਮੰਜ਼ਿਲ ਤੱਕ ਨਹੀਂ ਲਿਜਾਂਦੀਆਂ ਹਨ। ਸੜਕਾਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰਾਂ ਤੱਕ ਜਾਂਦੀਆਂ ਹਨ। ਪਰ ਹਰ ਸੜਕ ਉੱਤੇ ਤੁਰਿਆ ਕੋਈ ਮੰਜ਼ਿਲ ‘ਤੇ ਨਹੀਂ ਪੁੱਜਦਾ। ਮੰਜ਼ਿਲ ‘ਤੇ ਪੁੱਜਣ ਲਈ ਪਹਿਲਾਂ ਟੀਚੇ ਮਿੱਥਣੇ ਪੈਂਦੇ ਹਨ। ਪਰ ਹੁਣ ਇਸ ਸਮੇਂ ਕੋਈ ਟੀਚੇ ਹੀ ਨਹੀਂ ਮਿੱਥਦਾ, ਸਿਰਫ਼ ਦੌੜ ਰਿਹਾ ਹੈ। ਦੌੜ ਜਾਰੀ ਹੈ। ਹੁਣ ਇਹ ਦੌੜ ਬਦੇਸ਼ ਜਾਣ ਦੀ ਹੈ. ਅਸੀਂ ਕਿਰਤੀ ਤੋਂ ਸਿਆਸਤਦਾਨਾਂ ਨੇ ਮੰਗਤੇ ਬਣਾ ਦਿੱਤੇ।.ਅਸੀਂ ਮੰਗਤਿਆਂ ਵਾਂਗ ਲਾਇਨਾਂ ਵਿੱਚ ਖੜ੍ਹੇ ਹਾ..ਸਾਨੂੰ ਨਿੱਕੀਆਂ ਨਿੱਕੀਆਂ ਗਰਜ਼ਾਂ ਨੇ ਫਰਜ਼ ਭੁਲਾ ਦਿੱਤੇ. ਅਸੀਂ ਬਹਾਦਰ ਤੋਂ ਚਾਪਲੂਸ ਬਣ ਕੇ ਸਿਆਸਤਦਾਨ ਦੇ ਮਗਰ ਮੂਹਰੇ ਪੂੰਛ ਹਲਾਉਣ ਜੋਗੇ ਰਹਿ ਗਏ ਹਾਂ .ਸੜਕਾਂ ਦੇ ਨਾਲ ਨਾਲ ਅਸੀਂ ਵੀ ਸੜਕ ਬਣ ਗਏ ਹਾਂ . ਸਾਡੇ ਉਪਰ ਦੀ ਲੰਘ ਕੇ ਵਿਧਾਨ ਸਭਾ ਤੇ ਸੰਸਦ ਭਵਨ ਵਿੱਚ ਜਾਣ ਸਿਆਸਤਦਾਨ ਉਥੇ ਸੌ ਕੇ ਮੁੜਦੇ ਹਨ ਤੇ ਨੋਟ ਕਮਾਉਦੇ ਹਨ. ਅਸੀਂ ਉਹਨਾਂ ਦੇ ਸੰਸਦ ਭਵਨ ਵਿੱਚ ਸੌਣ ਦਾ ਮਜ਼ਾਕ ਉਡਾਉਦੇ ਪਰ ਆਪ ਅਸੀਂ ਕਦੋਂ ਜਾਗੇ ਹਾਂ ? ਕਦੇ ਕਿਸੇ ਨੇ ਸੋਚਿਆ ਹੈ…?

ਬਾਬਰ ਨੂੰ ਜਾਬਰ ਆਖਣ ਵਾਲੇ ਦਰਬਾਰੀ ਹੋ ਗਏ,ਪੁਜਾਰੀ, ਵਪਾਰੀ ਤੇ ਅਧਿਕਾਰੀ ਹੋ ਗਏ। ਲਿਖਾਰੀ ਇਨਾਮ ਤੇ ਪੁਰਸਕਾਰ ਹਥਿਆਉਂਣ ਵਾਲੀ ਲਾਈਨ ਵਿੱਚ ਖੜੇ ਆ। ਭਲਾ ਲਿਖਣਾ ਇਨਾਮ ਲੈਣ ਲਈ ਹੁੰਦਾ ? ਹੁਣ ਪੁਰਸਕਾਰ ਲੈਣ ਜਾਂ ਢੁਕਣ ਵਾਸਤੇ ਲਿਖਿਆ ਜਾਂਦਾ ਹੈ।
ਮਸਲੇ ਸਭ ਵਿਗੜ ਗਏ ਹਨ।

ਹਰ ਮਨੁੱਖ ਜਦੋਂ ਹਰ ਤਰ੍ਹਾਂ ਦਾ ਟੈਕਸ ਭਰਦਾ ਹੋਵੇ..ਹਾਕਮ ਬੈਠ ਕੇ ਚਰਦਾ ਹੋਵੇ ਫੇਰ ਕੋਈ ਕੀ ਕਰੇ?

ਖੈਰ ਤੁਸੀਂ ਕਦੋਂ ਤੱਕ ਸਰਕਾਰ ਦਾ ਟੈਕਸ ਭਰ ਕੇ ਭੁੱਖ ਦੇ ਨਾਲ ਮਰਦੇ ਰਹੋਗੇ?….. ਸੋਚੋ… ਹਰ ਚੀਜ਼ ਤੇ ਟੈਕਸ . ਟੋਲ ਟੈਕਸ .ਹਰ ਥਾਂ ਟੈਕਸ ਦੇ ਕੇ ਸਮਾਨ ਖਰੀਦ ਦੇ ਹੋ.ਫਿਰ ਉਹ ਟੈਕਸ ਕਿਥੇ ਜਾਂਦਾ ?.ਸਿਆਸਤਦਾਨਾਂ. ਅਧਿਕਾਰੀਆਂ ਦੇ ਘਰ.ਬਦੇਸ਼ੀ ਬੈਂਕਾਂ ਦੇ ਵਿੱਚ .
ਜਦੋਂ ਤੱਕ ਸਿਆਸੀ ਟੋਲਾ, ਅਧਿਕਾਰੀ, ਵਪਾਰੀ, ਪੁਜਾਰੀ ਤੇ ਅਪਰਾਧ ਮਾਫੀਆ ਦਾ ਗੱਠਜੋੜ ਹੈ ਉਦੋਂ ਤੱਕ ਤੁਹਾਡੀ ਮੁਕਤੀ ਨਹੀ ਹੋਣੀ.. ਤੁਸੀਂ ਪਛਾਣਨ ਦਾ ਯਤਨ ਕਰੋ ਕਿ ਇਹਨਾਂ ਪੰਜਾਂ ਦੇ ਜੋੜ ਦਾ ਕੀ ਤੋੜ ਹੈ ?….ਇਹ ਸਭ ਰਿਸ਼ਤੇਦਾਰ ਲੁੱਟਣ ਲਈ ਕੱਠੇ… ਤੇ ਤੁਸੀਂ ਮਰਨ ਲਈ.
ਲੋਕੋ ਹੋ ਜਾਓ ਇਕੱਠੇ, ਬਹੁਤ ਖਾ ਲੈ ਮੁਫਤ ਦੇ ਪੱਠੇ।
ਛੱਡ ਦਿਓ ਮੈਂ ਮੈਂ ਕਰਨਾ, ਬਣੋ ਨਾ ਖੇਤ ਡਰਨਾ,
ਜਾਗੋ, ਲੁੱਟਣ ਵਾਲੇ ਆ ਗਏ।
ਮਾਰਨ ਵਾਲੇ..ਤਾੜਨ ਵਾਲੇ..ਸਾੜਨ ਵਾਲੇ ਆ ਗਏ ਨੇ!
ਬਾਬਰ ਹਿੰਦ ਤੇ ਚੜ੍ਹਦੇ ਆ ਰਹੇ ਨੇ…
ਕਦੋਂ ਤੱਕ ਘੇਸਲ ਵੱਟ ਰੱਖੋਗੇ?

ਬੁੱਧ ਸਿੰਘ ਨੀਲੋਂ

9464370823

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਦੇ ਰੰਗ
Next articleਫ਼ਰੀਦਕੋਟ: ਗੁਰਦੁਆਰੇ ਦੀ ਪ੍ਰਧਾਨਗੀ ਲਈ ਕਿਰਪਾਨਾਂ ਚੱਲੀਆਂ, ਦੋ ਜ਼ਖ਼ਮੀ