ਗੱਗੜਪੁਰ: ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਬੇਰੰਗ ਪਰਤੇ ਕਿਸਾਨ

ਸੰਗਰੂਰ  (ਸਮਾਜਵੀਕਲੀ)ਜ਼ਿਲ੍ਹਾ ਸੰਗਰੂਰ ਦੇ ਕਰੋਨਾਵਾਇਰਸ ਪੀੜਤ ਪਹਿਲੇ ਮਰੀਜ਼ ਦੇ ਪਿੰਡ ਗੱਗੜਪੁਰ ਦੇ ਖਰੀਦ ਕੇਂਦਰ ਵਿਚ ਅਜੇ ਤੱਕ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ। ਖਰੀਦ ਕੇਂਦਰ ’ਚ ਕਣਕ ਦੀਆਂ ਟਰਾਲੀਆਂ ਲੈ ਕੇ ਪੁੱਜੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ।

ਪ੍ਰਸ਼ਾਸਨ ਮੁਤਾਬਕ ਪਿੰਡ ’ਚ ਕਰੋਨਾ ਦਾ ਮਾਮਲਾ ਹੋਣ ਕਰਕੇ ਇਹਤਿਆਤ ਵਜੋਂ ਕਣਕ ਦੀ ਖਰੀਦ ਨੂੰ ਅੱਗੇ ਪਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਵੇਗਾ।

ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਪਿੰਡ ਗੱਗੜਪੁਰ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਖਰੀਦ ਕੇਂਦਰ ਵਿਚ ਕਣਕ ਸੁੱਟਣ ਲਈ ਚਿੱਟੇ ਰੰਗ ਨਾਲ ਡੱਬੇ ਜਿਹੇ ਬਣਾ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਪ੍ਰੰਤੂ ਦੋ ਦਿਨ ਬੀਤਣ ਦੇ ਬਾਵਜੂਦ ਖਰੀਦ ਸ਼ੁਰੂ ਤਾਂ ਕੀ ਹੋਣੀ ਸੀ ਸਗੋਂ ਕਿਸਾਨਾਂ ਨੂੰ ਖਰੀਦ ਕੇਂਦਰ ਵਿਚ ਕਣਕ ਸੁੱਟਣ ਤੋਂ ਵੀ ਰੋਕ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਕਿਸਾਨ ਕੁਲਵੰਤ ਸਿੰਘ, ਦਲਵੀਰ ਸਿੰਘ ਬੱਬੂ ਅਤੇ ਹਰੀ ਸਿੰਘ ਕਣਕ ਲੈ ਕੇ ਪੁੱਜੇ ਸੀ ਪ੍ਰੰਤੂ ਕਣਕ ਟਰਾਲੀ ’ਚੋਂ ਹੀ ਲਾਹੁਣ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਪਿੰੰਡ ਵਿਚ ਅਨਾਊਂਸਮੈਂਟ ਕਰਵਾਈ ਗਈ ਹੈ ਕਿ ਕੋਈ ਵੀ ਕਿਸਾਨ ਖਰੀਦ ਕੇਂਦਰ ਵਿਚ ਕਣਕ ਲੈ ਕੇ ਨਹੀਂ ਪੁੱਜੇਗਾ ਅਤੇ ਕਣਕ ਦੀ ਖਰੀਦ 21 ਅਪਰੈਲ ਤੋਂ ਬਾਅਦ ਸ਼ੁਰੂ ਹੋਵੇਗੀ।

ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਜ਼ੋਰਾਂ ’ਤੇ ਹੈ। ਅੱਗ ਲੱਗਣ ਅਤੇ ਮੌਸਮ ਦੇ ਮਿਜਾਜ਼ ਤੋਂ ਡਰਦਿਆਂ ਹਰ ਕਿਸਾਨ ਜਲਦੀ ਆਪਣੀ ਫਸਲ ਵੇਚਣਾ ਚਾਹੁੰਦਾ ਹੈ ਪ੍ਰੰਤੂ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਜਦਕਿ ਕਰੋਨਾ ਪਾਜ਼ੇਟਿਵ ਪਿੰਡ ਵਾਸੀ ਅਮਰਜੀਤ ਸਿੰਘ ਦੇ ਸਾਰੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।

ਉਪ ਮੰਡਲ ਮੈਜਿਸਟ੍ਰੇਟ ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਇਹ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Previous articleਕਰੋਨਾਵਾਇਰਸ: ਸੂਰਤ ਦੇ ਕੁਝ ਇਲਾਕਿਆਂ ਵਿੱਚ ਕਰਫਿਊ ਲਗਾਇਆ
Next articleਦੱਖਣੀ ਕੋਰੀਆ ਦੀ ਸੱਤਾਧਾਰੀ ਪਾਰਟੀ ਨੂੰ ਚੋਣਾਂ ’ਚ ਵੱਡੀ ਜਿੱਤ