ਬਰਨਾਲਾ (ਸਮਾਜਵੀਕਲੀ) – ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਕਾਰਨ ਗੰਭੀਰ ਬਿਮਾਰੀਆਂ ਵਾਲੇ ਮਰੀਜ਼ ਜ਼ਿੰਦਗੀ ਦੀ ਲੜਾਈ ਹਾਰਦੇ ਨਜ਼ਰ ਆ ਰਹੇ ਹਨ। ਕੈਂਸਰ, ਏਡਜ਼ ਅਤੇ ਗੁਰਦੇ ਫੇਲ੍ਹ ਹੋਣ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ। ਇਹ ਮਰੀਜ਼ 22 ਮਾਰਚ ਨੂੰ ਕਰਫਿਊ ਲੱਗਣ ਤੋਂ ਬਾਅਦ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ਮਰੀਜ਼ਾਂ ਨੂੰ ਦਵਾਈ ਤੋਂ ਬਿਨਾਂ ਹੀ ਸਮਾਂ ਲੰਘਾਉਣਾ ਪਿਆ।
ਪਿੰਡ ਧੂਰਕੋਟ ਦਾ ਕਰਤਾਰ ਸਿੰਘ ਜਬਾੜੇ ਦੇ ਕੈਂਸਰ ਦਾ ਇਲਾਜ ਉਤਰ ਪ੍ਰਦੇਸ਼ ਦੇ ਮੁਰਾਦਨਗਰ ਨਾਲ ਸਬੰਧਤ ਡਾਕਟਰ ਕੋਲੋਂ ਕਰਵਾਉਂਦਾ ਸੀ ਜੋ ਹਰ ਮਹੀਨੇ ਮਾਲੇਰਕੋਟਲੇ ਆਉਂਦਾ ਸੀ। ਉਸ ਦੀ ਦਵਾਈ ਇਕ ਮਹੀਨਾ ਪਹਿਲਾਂ ਖਤਮ ਹੋ ਗਈ। ਸੜਕੀ ਤੇ ਰੇਲ ਆਵਾਜਾਈ ਬੰਦ ਹੋਣ ਕਾਰਨ ਉਹ ਸਰਦੂਲਗੜ੍ਹ ਨੇੜਲੇ ਪਿੰਡ ਵਿੱਚ ਇੱਕ ਸਿਆਣੇ ਤੋਂ ਹੱਥਉਲਾ ਕਰਵਾ ਕੇ ਦਿਨ ਕਟੀ ਕਰ ਰਿਹਾ ਹੈ।
ਉਸ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਉਹ ਕੁਝ ਖਾਣ-ਪੀਣ ਤੋਂ ਵੀ ਮੁਥਾਜ਼ ਹੋ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਦਾ ਸਤਪਾਲ ਸਿੰਘ ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣ ਕਾਰਨ ਮੰਜੇ ’ਤੇ ਪਿਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਦਾ ਇਲਾਜ ਆਦੇਸ਼ ਹਸਪਤਾਲ ਬਠਿੰਡਾ ਤੋਂ ਚਲ ਰਿਹਾ ਸੀ। ਲੌਕਡਾਊਨ ਤੋਂ ਬਾਅਦ ਉਹ ਦਵਾਈ ਲੈਣ ਨਹੀਂ ਜਾ ਸਕਿਆ। ਉਸ ਦਾ ਕਹਿਣਾ ਸੀ ਕਿ ਜੇ ਕਰਫਿਊ ਖੁੱਲ੍ਹ ਜਾਵੇ ਤਾਂ ਉਹ ਹੱਡੀਆਂ ਦੇ ਮਾਹਿਰ ਡਾਕਟਰ ਰਾਜ ਬਹਾਦਰ ਤੋਂ ਚੈੱਕਅੱਪ ਕਾਰਵਾਏਗਾ।
ਬਦਰਾ ਦੀਆਂ ਹੀ ਮਾਵਾਂ ਧੀਆਂ ਏਡਜ਼ ਤੋਂ ਪੀੜਤ ਹਨ। ਦੋਵਾਂ ਦੀ ਦਵਾਈ ਪਟਿਆਲਾ ਤੋਂ ਚੱਲਦੀ ਸੀ। ਇਨ੍ਹਾਂ ਦੀ ਦਵਾਈ ਇਕ ਮਹੀਨੇ ਤੋਂ ਖ਼ਤਮ ਹੈ। ਉਹ ਕਿਸੇ ਤਰ੍ਹਾਂ ਗੁਆਂਢੀਆਂ ਦਾ ਮੋਟਰ ਸਾਈਕਲ ਮੰਗ ਕੇ 120 ਕਿਲੋਮੀਟਰ ਦੂਰ ਪਟਿਆਲਾ ਤੋਂ ਆਪਣੀ ਪਤਨੀ ਦੀ ਦਵਾਈ ਤਾਂ ਲੈ ਆਇਆ ਪਰ ਉਸ ਦੀ ਲੜਕੀ ਦੀ ਦਵਾਈ ਹਾਲੇ ਤੱਕ ਨਹੀਂ ਮਿਲੀ।
ਬਦਰਾ ਦੀ ਹੀ ਭਰਪੂਰ ਕੌਰ ਗਲੇ ਦੇ ਕੈਂਸਰ ਤੋਂ ਪੀੜਤ ਹੈ ਜਿਸ ਦੀ ਦਵਾਈ ਫਰੀਦਕੋਟ ਦੇ ਇਕ ਕੈਂਸਰ ਹਸਪਤਾਲ ਤੋਂ ਚੱਲਦੀ ਸੀ ਜੋ ਕਾਫੀ ਸਮਾਂ ਪਹਿਲਾਂ ਖਤਮ ਹੋ ਗਈ ਹੈ। ਸਰਕਾਰੀ ਹਸਪਤਾਲਾਂ ਵਿੱਚ ਵੀ ਬਿਮਾਰੀਆਂ ਦੀ ਦੇਖ ਭਾਲ ਕਰਨ ਵਾਲਾ ਕੋਈ ਡਾਕਟਰ ਨਹੀਂ ਮਿਲ ਰਿਹਾ।