ਗੜ੍ਹਸ਼ੰਕਰ ਨੇੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਗੜ੍ਹਸ਼ੰਕਰ-ਨੰਗਲ ਰੋਡ ’ਤੇ ਇੱਥੋਂ ਚਾਰ ਕਿਲੋਮੀਟਰ ਦੂਰ ਪਿੰਡ ਸ਼ਾਹਪੁਰ ਕੋਲ ਅੱਜ ਸ਼ਾਮ ਇਕ ਨੌਜਵਾਨ ਦਾ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਵਿਸ਼ਾਲ ਰਾਣਾ (28) ਵਾਸੀ ਪਿੰਡ ਰਾਮਪੁਰ ਬਿਲੜੋਂ ਵਜੋਂ ਹੋਈ ਹੈ। ਵੇਰਵਿਆਂ ਮੁਤਾਬਕ ਵਿਸ਼ਾਲ ਰਾਣਾ ਮੋਟਰਸਾਈਕਲ ’ਤੇ ਨੰਗਲ ਰੋਡ ਰਾਹੀਂ ਜਦ ਜਾ ਰਿਹਾ ਸੀ ਤਾਂ ਸ਼ਾਹਪੁਰ ਪਿੰਡ ਕੋਲ ਸਥਿਤ ਢਾਬੇ ’ਤੇ ਕਿਸੇ ਕੰਮ ਲਈ ਰੁਕ ਗਿਆ। ਇਸੇ ਦੌਰਾਨ ਗੜ੍ਹਸ਼ੰਕਰ ਵਲੋਂ ਇਕ ਅਕਸੈਂਟ ਕਾਰ (ਪੀਬੀ-12-3688) ਆਈ ਤੇ ਇਸ ਵਿਚ ਸਵਾਰ ਕੁਝ ਵਿਅਕਤੀਆਂ ਨੇ ਢਾਬੇ ’ਤੇ ਉਤਰ ਕੇ ਵਿਸ਼ਾਲ ਰਾਣਾ ਵੱਲ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਨੌਜਵਾਨ ਵੱਲ ਛੇ ਗੋਲੀਆਂ ਚਲਾਈਆਂ। ਤਿੰਨ ਗੋਲੀਆਂ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਵੱਜੀਆਂ ਅਤੇ ਘਟਨਾ ਸਥਾਨ ’ਤੇ ਹੀ ਉਸਦੀ ਮੌਤ ਹੋ ਗਈ। ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮਿਲਦਿਆਂ ਹੀ ਐੱਸਐਚਓ ਰਾਜੇਸ਼ ਅਰੋੜਾ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਵਿਸ਼ਾਲ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਕੈਦ ਕੱਟ ਕੇ ਆਇਆ ਸੀ ਅਤੇ ਉਸ ’ਤੇ ਵੱਖ-ਵੱਖ ਕੇਸ ਕਈ ਥਾਣਿਆਂ ਵਿਚ ਦਰਜ ਹਨ। ਉਨ੍ਹਾਂ ਸੰਭਾਵਨਾ ਜਤਾਈ ਕਿ ਇਹ ਕਤਲ ਆਪਸੀ ਰੰਜਿਸ਼ ਦਾ ਨਤੀਜਾ ਵੀ ਹੋ ਸਕਦਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ ਹੈ।

Previous articleਕਾਂਗਰਸ ਵੱਲੋਂ ਮੁੰਬਈ ’ਚ ਹੋਟਲ ਦੇ ਬਾਹਰ ਪ੍ਰਦਰਸ਼ਨ
Next articleਲਾਵਾਰਿਸ ਲਾਸ਼ਾਂ ਸਾੜਨ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ