‘ਗ੍ਰੀਨ ਦੀਵਾਲੀ’ ਦੇ ਐਲਾਨ ਨੇ ਪਟਾਕਾ ਵਪਾਰੀਆਂ ਦੀ ਨੀਂਦ ਉਡਾਈ

ਲੁਧਿਆਣਾ (ਸਮਾਜ ਵੀਕਲੀ) : ਦੇਸ਼ ’ਚ ਇਕ ਪਾਸੇ ਦੀਵਾਲੀ ਦੇ ਜਸ਼ਨਾਂ ਦੀ ਤਿਆਰੀ ਹੋ ਰਹੀ ਹੈ, ਉੱਥੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਐਨਜੀਟੀ ਵੱਲੋਂ ਪਟਾਕਿਆਂ ਬਾਰੇ ਜਾਰੀ ਹੁਕਮਾਂ ਨੇ ਥੋਕ ਵਪਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਨੇ ਸਾਰੇ ਦੁਕਾਨਦਾਰਾਂ ਨੂੰ ਲਾਇਸੈਂਸ ਵੀ ਜਾਰੀ ਕਰ ਦਿੱਤੇ ਸਨ, ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਗ੍ਰੀਨ ਦੀਵਾਲੀ’ ਮਨਾਉਣ ਦੇ ਐਲਾਨ ਨੇ ਦੁਕਾਨਾਂ ਲਾ ਕੇ ਬੈਠੇ ਵਪਾਰੀ ਵਰਗ ਦੇ ਫ਼ਿਕਰਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ।

ਪੰਜਾਬ ਦੀ ਸਭ ਤੋਂ ਵੱਡੀ ਪਟਾਕਾ ਮਾਰਕੀਟ ਕੁਰਾਲੀ ’ਚ ਹੈ, ਪਰ ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਪਟਾਕੇ ਚਲਾਉਣ ’ਤੇ ਪਾਬੰਦੀ ਲਾਈ ਗਈ ਹੈ ਤੇ ਇਸ ਵਾਰ ਕੁਰਾਲੀ ’ਚ ਲੱਗਣ ਵਾਲੀ ਥੋਕ ਦੀ ਮਾਰਕੀਟ  ਨਹੀਂ ਲੱਗੀ ਹੈ। ਲੁਧਿਆਣਾ ਦੀ ਥੋਕ ਮਾਰਕੀਟ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ ਜਿੱਥੇ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ’ਚੋਂ ਲੋਕ ਆ ਕੇ ਪਟਾਕੇ ਖ਼ਰੀਦਦੇ ਹਨ।

ਪਟਾਕਿਆਂ ’ਤੇ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਕੋਈ ਰੋਕ ਨਹੀਂ ਲਾਈ ਸੀ, ਪਰ ਐਨਜੀਟੀ ਦੇ ਸਖ਼ਤ ਰਵੱਈਏ ਤੋਂ ਬਾਅਦ ਦੋ ਘੰਟੇ ਪਟਾਕੇ ਚਲਾਉਣ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ ਤੇ ਸਾਰਿਆਂ ਨੂੰ ‘ਗ੍ਰੀਨ ਦੀਵਾਲੀ’ ਮਨਾਉਣ ਤੇ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਲੁਧਿਆਣਾ ਦੇ ਪਟਾਕਾ ਵਪਾਰੀ ਅਸ਼ੋਕ ਤੇ ਤ੍ਰਿਭੁਵਨ ਥਾਪਰ ਨੇ ਦੱਸਿਆ ਕਿ ‘ਗ੍ਰੀਨ ਪਟਾਕੇ’ ਬ੍ਰਾਂਡਿਡ ਕੰਪਨੀਆਂ ਦੇ ਹਨ। ਇਨ੍ਹਾਂ ਪਟਾਕਿਆਂ ’ਚ ਜੋ ਰਸਾਇਣ ਵਰਤਿਆ ਜਾਂਦਾ ਹੈ ਤਾਂ ਉਹ ਚੰਗੀ ਗੁਣਵੱਤਾ ਦਾ ਹੁੰਦਾ ਹੈ। ਇਨ੍ਹਾਂ ਵਿਚ ‘ਕੋਲਡ ਅਨਾਰ’ ਤੇ ਹੋਰ ਅਜਿਹੇ ਪਟਾਕੇ ਆਉਂਦੇ ਹਨ, ਜਿਨ੍ਹਾਂ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ।

Previous articleਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਘੇਰੇ ’ਚ ਲਿਆਂਦੇ ਓਟੀਟੀ ਅਪਰੇਟਰ
Next articleਕੇਂਦਰ ਵੱਲੋਂ 2 ਲੱਖ ਕਰੋੜ ਦੀ ਪੀਐੱਲਆਈ ਯੋਜਨਾ ਨੂੰ ਪ੍ਰਵਾਨਗੀ