ਲੁਧਿਆਣਾ- ਇੱਥੇ ਦੇ ਫੋਕਲ ਪੁਆਇੰਟ ਥਾਣੇ ਦੇ ਅਧੀਨ ਆਉਂਦੀ ਚੌਕੀ ਢੰਡਾਰੀ ਕਲਾਂ ਦੇ ਬਾਹਰ ਮੰਗਲਵਾਰ ਦੀ ਸਵੇਰੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਜਬਰ-ਜਨਾਹ ਦੇ ਦੋਸ਼ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਸਾਥੀ ਡਰਾਈਵਰ ਨੂੰ ਛਡਵਾਉਣ ਲਈ ਕਿੰਨਰਾਂ ਨੇ ਚੌਕੀ ’ਤੇ ਪਥਰਾਓ ਕਰ ਦਿੱਤਾ। ਚੌਕੀ ’ਤੇ ਪਥਰਾਓ ਕਰਨ ਤੋਂ ਪਹਿਲਾਂ ਕਿੰਨਰਾਂ ਨੇ ਬਾਹਰ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਜਦੋਂ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੱਥਰ ਲੱਗਣ ਦੇ ਕਾਰਨ ਚੌਕੀ ਇੰਚਾਰਜ ਸਮੇਤ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ। ਉਸ ਤੋਂ ਬਾਅਦ ਅਧਿਕਾਰੀਆਂ ਦੇ ਹੁਕਮ ’ਤੇ ਪੁਲੀਸ ਨੇ ਖੁਸਰਿਆਂ ’ਤੇ ਲਾਠੀਚਾਰਜ ਕੀਤਾ। ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੀ ਪੁਲੀਸ ਫੋਰਸ ਚੌਕੀ ਦੇ ਬਾਹਰ ਇਕੱਠੀ ਹੋ ਗਈ। ਕਾਫ਼ੀ ਸਮੇਂ ਤੱਕ ਤਣਾਅਪੂਰਨ ਮਾਹੌਲ ਨੂੰ ਪੁਲੀਸ ਨੇ ਕਿਸੇ ਤਰ੍ਹਾਂ ਸੰਭਾਲਿਆ। ਇਸ ਮਾਮਲੇ ’ਚ ਪੁਲੀਸ ਨੇ ਅਣਪਛਾਤਿਆਂ ਦੇ ਖਿਲਾਫ਼ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ, ਪੱਥਰਬਾਜ਼ੀ ਕਰਨ ਤੇ ਕੁੱਟਮਾਰ ਸਮੇਤ ਕਈ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।
ਜਾਣਕਾਰੀ ਅਨੁਸਾਰ ਪੁਲੀਸ ਦੇ ਵੱਲੋੋਂ 2 ਦਿਨ ਪਹਿਲਾਂ ਜਬਰ ਜਨਾਹ ਦੇ ਦੋਸ਼ ’ਚ ਹਰਮਨ, ਸੂਰਜ, ਦੀਪ ਤੇ ਇੱਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲੀਸ ਨੇ ਸੂਰਜ ਤੇ ਦੀਪ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਹਰਮਨ ਨੂੰ ਹਿਰਾਸਤ ’ਚ ਰੱਖਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਹਰਮਨ ਕਿੰਨਰਾਂ ਦਾ ਡਰਾਈਵਰ ਹੈ। ਜਦੋਂ ਖੁਸਰਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਸੋਮਵਾਰ ਰਾਤ ਨੂੰ ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਚੌਕੀ ਢੰਡਾਰੀ ’ਚ ਚਲੇ ਗਏ। ਉਥੇ ਕਾਫ਼ੀ ਹੰਗਾਮਾ ਕੀਤਾ ਤੇ ਨੰਗੇ ਹੋ ਕੇ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਉਨ੍ਹਾਂ ਦੇ ਡਰਾਈਵਰ ਨੂੰ ਝੂਠੇ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਦੇਰ ਰਾਤ ਨੂੰ ਪੁਲੀਸ ਨੇ ਕਿਸੇ ਤਰ੍ਹਾ ਸਮਝਾ ਕੇ ਉਨ੍ਹਾਂ ਨੂੰ ਭੇਜ ਦਿੱਤਾ।
ਉਧਰ, ਥਾਣਾ ਫੋਕਲ ਪੁਆਇੰਟ ਦੇ ਐੱਸਐੱਚਓ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਸਥਿਤੀ ਕੰਟਰੋਲ ’ਚ ਹੈ। ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
INDIA ਗ੍ਰਿਫ਼ਤਾਰ ਸਾਥੀ ਨੂੰ ਛੁਡਵਾਉਣ ਆਏ ਕਿੰਨਰਾਂ ਵੱਲੋਂ ਚੌਕੀ ’ਤੇ ਪਥਰਾਓ