ਨਵੀਂ ਦਿੱਲੀ– ਇੰਟੈਲੀਜੈਂਸ ਬਿਊਰੋ ਨੂੰ ਜੰਮੂ ਕਸ਼ਮੀਰ ਪੁਲੀਸ ਦੇ ਗ੍ਰਿਫ਼ਤਾਰ ਕੀਤੇ ਡੀਐੱਸਪੀ ਦਵਿੰਦਰ ਸਿੰਘ ਦੇ ਵੱਲੋਂ ਸਾਲ 2005 ਦਾ ਲਿਖਿਆ ਇੱਕ ਪੱਤਰ ਮਿਲਿਆ ਹੈ, ਜਿਸ ਵਿੱਚ ਉਸ ਨੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਅਤਿਵਾਦੀਆਂ ਵਿੱਚੋਂ ਇੱਕ ਨੂੰ ਪੱਤਰ ਲਿਖ ਕੇ ਦਿੱਤਾ ਹੋਇਆ ਸੀ ਕਿ ਇਸ ਨੂੰ ‘ਸੁਰੱਖਿਅਤ ਲਾਂਘਾ’ ਦਿੱਤਾ ਜਾਵੇ। ਕਸ਼ਮੀਰ ਤੋਂ ਆ ਰਹੇ ਇਹ ਅਤਿਵਾਦੀ ਦਿੱਲੀ ਪੁਲੀਸ ਨੇ ਦਿੱਲੀ-ਗੁਰੂਗ੍ਰਾਮ ਬਾਰਡਰ ਉੱਤੇ ਗ੍ਰਿਫ਼ਤਾਰ ਕਰ ਲਏ ਸਨ। ਇਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਦਵਿੰਦਰ ਹੋਰਨਾਂ ਅਤਿਵਾਦੀਆਂ ਦੀ ਵੀ ਸਹਾਇਤਾ ਕਰਦਾ ਰਿਹਾ ਹੈ। ਇਹ ਰਿਪੋਰਟ ਵੀ ਸਾਹਮਣੇ ਆਈ ਹੈ ਕਿ ਸੰਸਦ ਉੱਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੇ ਵੀ ਆਪਣੇ ਵਕੀਲ ਨੂੰ ਪੱਤਰ ਲਿਖ ਕੇ ਦਵਿੰਦਰ ਸਿੰਘ ਦੇ ਨਾਂਅ ਦਾ ਜ਼ਿਕਰ ਕੀਤਾ ਸੀ। ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਇਸ ਪੱਤਰ ਦੀ ਵੀ ਮੁੜ ਜਾਂਚ ਕਰੇਗੀ। ਦਵਿੰਦਰ ਸਿੰਘ ਨੂੰ ਜਾਂਚ ਵਿੱਚ ਸ਼ਾਮਲ ਕਰਨ ਲਈ ਐੱਨਆਈਏ ਦਿੱਲੀ ਲੈ ਕੇ ਆਵੇਗੀ।
ਇੰਟੈਲੀਜੈਂਸ ਬਿਊਰੋ (ਆਈਬੀ) ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਪਹਿਲੀ ਜੁਲਾਈ 2005 ਨੂੰ ਚਾਰ ਅਤਿਵਾਦੀਆਂਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹਾਂ ਕੋਲੋਂ ਹਥਿਆਰ ਤੇ ਗੋਲੀ ਸਿੱਕਾ ਮਿਲਣ ਤੋਂ ਇਲਾਵਾ 50,000 ਰੁਪਏ ਦੀ ਨਗਦੀ ਵੀ ਮਿਲੀ ਸੀ। ਇਨ੍ਹਾਂ ਬਾਰੇ ਮਿਲਟਰੀ ਦੇ ਖ਼ੁਫੀਆ ਵਿੰਗ ਨੇ ਅਗਾਊਂ ਜਾਣਕਾਰੀ ਦਿੱਤੀ ਸੀ। ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋ ਪਾਲਮ ਹਵਾਈ ਅੱਡੇ ਦਾ ਸਕੈੱਚ ਅਤੇ ਇੱਕ ਪੱਤਰ ਮਿਲਿਆ ਸੀ। ਇਸ ਪੱਤਰ ਉੱਤੇ ਦਵਿੰਦਰ ਸਿੰਘ ਦੇ ਹਸਤਾਖ਼ਰ ਹਨ ਤੇ ਉਦੋਂ ਦਵਿੰਦਰ ਸਿੰਘ ਜੰਮੂ ਕਸ਼ਮੀਰ ਪੁਲੀਸ ਦੇ ਸੀਆਈਡੀ ਵਿੰਗ ਵਿੱਚ ਡੀਐੱਸਪੀ ਸੀ। ਇਸ ਦੌਰਾਨ ਹੀ ਦਵਿੰਦਰ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰਫਸਾਇਆ ਗਿਆ ਹੈ। ਉਸ ਨੇ ਦੇਸ਼ ਲਈ ਗੋਲੀਆਂ ਖਾਧੀਆਂ ਹਨ ਤੇ ਹੁਣ ਉਸਨੂੰ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ।
HOME ਗ੍ਰਿਫ਼ਤਾਰ ਡੀਐੱਸਪੀ ਦਵਿੰਦਰ ਵੱਲੋਂ 2005 ’ਚ ਲਿਖਿਆ ਪੱਤਰ ਜਾਂਚ ਦੇ ਘੇਰੇ ’ਚ