ਆਸਟਰੇਲੀਆ ਦੇ ਸਾਬਕਾ ਓਲੰਪਿਕ ਤਗ਼ਮਾ ਜੇਤੂ ਗ੍ਰਾਹਮ ਰੀਡ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਭਾਰਤੀ ਖੇਡ ਅਥਾਰਟੀ (ਸਾਈ) ਤੋਂ ਮਨਜ਼ੂਰੀ ਮਿਲਣ ਮਗਰੋਂ ਅੱਜ ਇਹ ਐਲਾਨ ਕੀਤਾ ਹੈ। ਹਾਕੀ ਇੰਡੀਆ ਵੱਲੋਂ ਬੀਤੇ ਮਹੀਨੇ ਸਾਈ ਕੋਲ ਸਿਫ਼ਾਰਿਸ਼ ਕਰਨ ਮਗਰੋਂ ਰੀਡ ਦੀ ਨਿਯੁਕਤੀ ਤੈਅ ਮੰਨੀ ਜਾ ਰਹੀ ਸੀ।
ਪਤਾ ਚੱਲਿਆ ਹੈ ਕਿ ਰੀਡ ਨਾਲ 2020 ਦੇ ਅਖ਼ੀਰ ਤੱਕ ਸਮਝੌਤਾ ਕੀਤਾ ਗਿਆ ਹੈ, ਪਰ ਚੰਗੇ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਦਾ ਕਾਰਜਕਾਲ 2022 ਐਫਆਈਐਚ ਵਿਸ਼ਵ ਕੱਪ ਤੱਕ ਵਧਾਇਆ ਜਾ ਸਕਦਾ ਹੈ। ਹਾਕੀ ਇੰਡੀਆ ਦੇ ਅਧਿਕਾਰੀ ਅਨੁਸਾਰ, ਰੀਡ ਨੂੰ ਹਰ ਮਹੀਨੇ 15000 ਡਾਲਰ ਤਨਖ਼ਾਹ ਮਿਲੇਗੀ ਅਤੇ ਉਹ ਆਪਣੇ ਪਰਿਵਾਰ ਨਾਲ ਬੰਗਲੌਰ ਵਿੱਚ ਰਹੇਗਾ।
ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਰੀਡ ਬੰਗਲੌਰ ਸਥਿਤ ਸਾਈ ਸੈਂਟਰ ਵਿੱਚ ਚੱਲ ਰਹੇ ਕੌਮੀ ਕੈਂਪ ਵਿੱਚ ਛੇਤੀ ਹੀ ਟੀਮ ਨਾਲ ਜੁੜਨਗੇ। ਹਰਿੰਦਰ ਸਿੰਘ ਨੂੰ ਇਸ ਸਾਲ ਜਨਵਰੀ ਵਿੱਚ ਬਰਤਰਫ਼ ਕਰਨ ਮਗਰੋਂ ਭਾਰਤੀ ਟੀਮ ਦੇ ਮੁੱਖ ਕੋਚ ਦਾ ਅਹੁਦਾ ਖ਼ਾਲੀ ਪਿਆ ਸੀ। ਉਸ ਨੂੰ ਪਿਛਲੇ ਸਾਲ ਭੁਵਨੇਸ਼ਵਰ ਵਿੱਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਹਟਾ ਦਿੱਤਾ ਗਿਆ ਸੀ।
Sports ਗ੍ਰਾਹਮ ਰੀਡ ਭਾਰਤੀ ਪੁਰਸ਼ ਹਾਕੀ ਟੀਮ ਦਾ ਕੋਚ ਨਿਯੁਕਤ