‘ਗ੍ਰਾਮੋਫੋਨ’ ਸਬੰਧੀ ਟਿੱਪਣੀ ’ਤੇ ਰਾਹੁਲ ਵੱਲੋਂ ਮੋਦੀ ਨੂੰ ਜਵਾਬ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਤੁਲਨਾ ‘ਗ੍ਰਾਮੋਫੋਨ’ ਨਾਲ ਕੀਤੇ ਜਾਣ ਕਾਰਨ ਅੱਜ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਦੀ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਸ੍ਰੀ ਮੋਦੀ ਆਪਣੇ ਭਾਸ਼ਣਾਂ ’ਚ ਗਾਂਧੀ ਪਰਿਵਾਰ ਦੇ ਮੈਂਬਰਾਂ ਦਾ ਹਵਾਲਾ ਦਿੰਦੇ ਸੁਣੇ ਜਾ ਸਕਦੇ ਹਨ। ਭਾਜਪਾ ਆਗੂਆਂ ਨਾਲ ਅਕਤੂਬਰ ਮਹੀਨੇ ਹੋਏ ਇੱਕ ਵੀਡੀਓ ਸੰਵਾਦ ’ਚ ਸ੍ਰੀ ਮੋਦੀ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ਉਹ ਇੱਕੋ ਹੀ ਗੱਲ ਨੂੰ ਇਸ ਤਰ੍ਹਾਂ ਦੁਹਰਾਉਂਦੇ ਹਨ ਜਿਵੇਂ ਗ੍ਰਾਮੋਫੋਨ ਦੀ ਸੂਈ ਅੜ ਗਈ ਹੋਵੇ, ਪਰ ਲੋਕ ਸਰਕਾਰ ਖ਼ਿਲਾਫ਼ ਉਨ੍ਹਾਂ ਦੇ ਬਚਗਾਨਾ ਦਾਅਵਿਆਂ ਤੇ ਝੂਠਾਂ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਬਿਆਨਾਂ ਦਾ ਆਨੰਦ ਲੈਣਾ ਚਾਹੀਦਾ ਹੈ। ਮੋਦੀ ਦੇ ਬਿਆਨਾਂ ਦੀ ਵੀਡੀਓ ਪੋਸਟ ਕਰਦਿਆਂ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ, ‘ਇਹ ਮਨੋਰੰਜਕ ਵੀਡੀਓ ਸ੍ਰੀ 56 ਵੱਲੋਂ ਪੇਸ਼ ਕੀਤੀ ਗਈ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਦੇਖ ਕੇ ਆਨੰਦ ਲਓਗੇ। ਕਿਰਪਾ ਕਰਕੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵੀ ਇਸ ਨੂੰ ਸਾਂਝਾ ਕਰੋ ਤਾਂ ਜੋ ਉਹ ਵੀ ਇਸ ਦਾ ਆਨੰਦ ਲੈ ਸਕਣ।’ ਇਹ ਵੀਡੀਓ ਸ੍ਰੀ ਮੋਦੀ ਦੀ ਭਾਜਪਾ ਕਾਰਕੁਨਾਂ ਨਾਲ ਗੱਲਬਾਤ ਨਾਲ ਸ਼ੁਰੂ ਹੁੰਦੀ ਹੈ ਜਿਸ ’ਚ ਉਹ ਕਹਿੰਦੇ ਹਨ, ‘ਪਹਿਲਾਂ ਗ੍ਰਾਮੋਫੋਨ ਰਿਕਾਰਡ ਹੋਇਆ ਕਰਦਾ ਸੀ। ਕਦੀ ਉਹ ਅੜ ਜਾਂਦਾ ਸੀ ਤੇ ਇੱਕੋ ਸ਼ਬਦ ਹੀ ਵਾਰ-ਵਾਰ ਸੁਣਾਈ ਦਿੰਦਾ ਸੀ। ਕੁਝ ਲੋਕ ਇਸੇ ਤਰ੍ਹਾਂ ਦੇ ਹੁੰਦੇ ਹਨ। ਉਨ੍ਹਾਂ ਦੇ ਦਿਮਾਗ ’ਚ ਕੋਈ ਗੱਲ ਬੈਠ ਜਾਂਦੀ ਹੈ ਤੇ ਉਹ ਉਸੇ ਨੂੰ ਦੁਹਰਾਉਂਦੇ ਰਹਿੰਦੇ ਹਨ।’ ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦੇ ਭਾਸ਼ਣਾਂ ਦੀ ਇੱਕ ਵੀਡੀਓ ਪੋਸਟ ਕੀਤੀ ਜਿਸ ’ਚ ਉਹ ਵੱਖ ਵੱਖ ਥਾਵਾਂ ’ਤੇ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ ਦਿਖਾਈ ਦੇ ਰਹੇ ਹਨ।

Previous articleਲੁਧਿਆਣਾ ਦਾ ‘ਟਰੈਫਿਕ’ ਹੋਇਆ ਪੁਲੀਸ ਦੇ ਵੱਸ ਤੋਂ ਬਾਹਰ
Next articleStalin holds talks with Sonia, Rahul ahead of opposition meet