ਗੋਲੀ ਕਾਂਡ: ਪੀੜਤ ਪਰਿਵਾਰ ਵੱਲੋਂ ਕੌਮੀ ਸ਼ਾਹਰਾਹ ਜਾਮ

ਬੀਤੀ ਰਾਤ ਗੋਲੀ ਕਾਂਡ ਵਿਚ ਮਾਰੇ ਗਏ ਸਾਈ ਆਰਟ ਗੈਲਰੀ ਦੇ ਮਾਲਕ ਡਿੰਪਲ ਦੇ ਮਾਪਿਆਂ ਨੇ ਇਨਸਾਫ਼ ਲੈਣ ਅਤੇ ਪੁਲੀਸ ਦੀ ਕਥਿਤ ਢਿੱਲੀ ਕਾਰਵਾਈ ਵਿਰੁੱਧ ਜੰਗ-ਏ-ਆਜ਼ਾਦੀ ਸਮਾਰਕ ਕੋਲ ਧਰਨਾ ਦਿੱਤਾ, ਜਿਸ ਕਾਰਨ ਦੋਵੇਂ ਪਾਸਿਆਂ ਤੋਂ ਟ੍ਰੈਫਿਕ ਜਾਮ ਹੋਣ ਕਾਰਨ ਲੰਬੀਆਂ ਲਾਈਨਾਂ ਲੱਗ ਗਈਆਂ। ਧਰਨੇ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਕਰਤਾਰਪੁਰ ਦਿਗਵਿਜੇ ਕਪਿਲ ਦੀ ਅਗਵਾਈ ਵਿਚ ਮਕਸੂਦਾਂ, ਲਾਂਬੜਾ ਅਤੇ ਥਾਣਾ ਕਰਤਾਰਪੁਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੀੜਤ ਪਰਿਵਾਰ ਦੇ ਸਮਰਥਕਾਂ ਵੱਲੋਂ ਕਰਤਾਰਪੁਰ ਦੇ ਬਾਜ਼ਾਰ ਬੰਦ ਕਰਵਾਉਣ ਉਪਰੰਤ ਦਿੱਤੇ ਧਰਨੇ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜ਼ਾਤ ਦਿਵਾਉਣ ਲਈ ਪੁਲੀਸ ਨੇ ਟ੍ਰੈਫਿਕ ਨੂੰ ਕਪੂਰਥਲਾ ਰਾਹੀਂ ਤੇ ਕਿਸ਼ਨਗੜ੍ਹ ਸੜਕ ਰਾਹੀਂ ਜਾਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਮੌਕੇ ਦੀ ਨਜ਼ਾਕਤ ਦੇਖਦਿਆਂ ਐੱਸਪੀ ਹੈੱਡ ਕੁਆਰਟਰ ਗੁਰਮੀਤ ਸਿੰਘ ਕਿੰਗਰਾ ਤੇ ਐੱਸਪੀ (ਡੀ) ਬਲਕਾਰ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦਾ ਭਰੋਸਾ ਦੇਣ ਉਪਰੰਤ ਕੌਮੀ ਰਾਜ ਮਾਰਗ ’ਤੇ ਧਰਨਾ ਚੁਕਵਾਇਆ। ਪੁਲੀਸ ਨੇ ਮ੍ਰਿਤਕ ਡਿੰਪਲ ਦੇ ਪਿਤਾ ਸੁਰਿੰਦਰ ਸਿੰਘ ਵਾਸੀ ਇਮਲੀ ਮੁਹੱਲਾ ਦੇ ਬਿਆਨਾਂ ’ਤੇ ਧਾਰਾ 302 ਤਹਿਤ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਡੀਐਸਪੀ ਕਰਤਾਰਪੁਰ ਦਿਗਵਿਜੇ ਕਪਿਲ ਨੇ ਦੱਸਿਆ ਕਿ ਮ੍ਰਿਤਕ ਡਿੰਪਲ ਗੈਂਗਵਾਰ ਦਾ ਸ਼ਿਕਾਰ ਹੋਇਆ ਹੈ। ਮ੍ਰਿਤਕ ਉੱਪਰ ਵੱਖ ਵੱਖ ਥਾਣਿਆਂ ਵਿਚ ਅੱਠ ਕੇਸ ਦਰਜ ਸਨ। ਪੁਲੀਸ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਫੜ ਲਵੇਗੀ।

Previous articleਪੈਰਿਸ ’ਚ ਪ੍ਰਦਰਸ਼ਨਾਂ ਤੋਂ ਪਹਿਲਾਂ 300 ਵਿਅਕਤੀ ਹਿਰਾਸਤ ਵਿੱਚ ਲਏ
Next articleਪ੍ਰਾਪਰਟੀ ਡੀਲਰਾਂ ਤੋਂ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ