ਮੋਗਾ (ਸਮਾਜਵੀਕਲੀ) : ਇਥੇ ਕਸਬਾ ਕੋਟ ਈਸੇ ਖਾਂ ਵਿੱਚ ਚਿੱਟੇ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ’ਚੋਂ ਗੋਲੀਆਂ ਨਾ ਮਿਲਣ ਕਾਰਨ ਉਨ੍ਹਾਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਥਾਣਾ ਕੋਟ ਈਸੇ ਖਾਂ ਮੁਖੀ ਅਮਰਜੀਤ ਸਿੰਘ ਵੱਲੋਂ ਭਰੋਸਾ ਦੇਣ ਮਗਰੋਂ ਧਰਨਾ ਖ਼ਤਮ ਕਰ ਦਿੱਤਾ ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋ ਸਕਿਆ।
ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੀ ਗੋਲੀ ਲੈਣ ਲਈ ਸਵੇਰ ਤੋਂ ਲਾਈਨਾਂ ਵਿੱਚ ਲੱਗ ਜਾਂਦੇ ਹਨ ਪਰ ਸ਼ਾਮ ਵੇਲੇ ਨਿਰਾਸ਼ ਘਰਾਂ ਨੂੰ ਮੁੜਨਾ ਪੈਂਦਾ ਹੈ। ਉਨ੍ਹਾਂ ਦਾ ਹਾਲ ਕਥਿਤ ਨਸ਼ੇ ਦੀ ਪੂਰਤੀ ਕਰਨ ਵਾਲੀ ਗੋਲੀ ਹਾਸਲ ਕਰਨਾ ਜੰਗ ਜਿੱਤਣ ਦੇ ਬਰਾਬਰ ਹੈ। ਕੁਝ ਨੌਜਵਾਨਾਂ ਨੇ ਦੱਸਿਆ ਕਿ ਭਾਵੇਂ ਚਿੱਟੇ ਦੀ ਸਪਲਾਈ ਨੂੰ ਕੁਝ ਹੱਦ ਤਕ ਠੱਲ੍ਹ ਪਈ ਹੈ ਪਰ ਇਹ ਬਿਲਕੁਲ ਬੰਦ ਨਹੀਂ ਹੋਈ। ਨਸ਼ੇ ਦੇ ਸੌਦਾਗਰਾਂ ਨੇ ਨਸ਼ਾ ਵੇਚਣ ਦੇ ਨਵੇਂ-ਨਵੇਂ ਤਰੀਕੇ ਕੱਢ ਲਏ ਹਨ।
ਉਨ੍ਹਾਂ ਕਿਹਾ ਕਿ ਅਮੀਰ ਘਰਾਂ ਦੇ ਮੁੰਡਿਆਂ ਨੂੰ ਤਾਂ ਹੋਮ-ਡਿਲਿਵਰੀ ਮਿਲ ਜਾਂਦੀ ਹੈ ਪਰ ਗੋਲੀਆਂ ਨਾ ਮਿਲਣ ਕਾਰਨ ਨਸ਼ੇ ਦੀ ਗ੍ਰਿਫ਼ਤ ’ਚ ਆਏ ਗਰੀਬ ਨੌਜਵਾਨਾਂ ਦਾ ਬੁਰਾ ਹਾਲ ਹੈ। ਕਰੋਨਾ ਕਾਰਨ ਚਿੱਟੇ ਦੇ ਨਸ਼ੇ ਦੀ ਸਪਲਾਈ ਮਹਿੰਗੀ ਹੋਣ ਕਾਰਨ ਗੋਲੀ ਲੈਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਰਹੀ ਹੈ। ਜ਼ਿਲ੍ਹੇ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਕੋਵਿਡ-19 ਕਾਰਨ ਗੋਲੀਆਂ ਦੀ ਸਪਲਾਈ ਨਹੀਂ ਆਈ।
ਇਹ ਗੋਲੀ ਲੈਣ ਵਾਲੇ ਸੂਬੇ ’ਚ 5 ਲੱਖ ਤੋਂ ਵੱਧ ਨੌਜਵਾਨ ਰਜਿਸਟਰਡ ਹਨ। ਸਰਕਾਰ ਨੇ ਲੌਕਡਾਊਨ ਦੌਰਾਨ ਪਹਿਲਾਂ 15 ਦਿਨ ਦੀਆਂ ਇਕੱਠੀਆਂ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਸਨ।