ਗੋਲਕ ਚੋਰੀ ਦੇ ਦੋਸ਼ਾਂ ਤਹਿਤ ਜੀਕੇ ਦੀ ਮੈਂਬਰਸ਼ਿਪ ਖਾਰਜ

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੇ ਅੱਜ ਹੋਏ ਇਜਲਾਸ ਵਿੱਚ ਇਤਿਹਾਸਕ ਫ਼ੈਸਲਾ ਲੈਂਦਿਆਂ ਮੈਂਬਰਾਂ ਨੇ ਸਰਬਸੰਮਤੀ ਨਾਲ ਗੋਲਕ ਚੋਰੀ ਦੇ ਦੋਸ਼ਾਂ ਤਹਿਤ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੈਂਬਰਸ਼ਿਪ ਖਾਰਜ ਕਰਨ ਦਾ ਫ਼ੈਸਲਾ ਲਿਆ ਹੈ। ਮੀਟਿੰਗ ਉਪਰੰਤ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਜਿਸ ਵਿੱਚ ਸਮੁੱਚੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮਨਜੀਤ ਸਿੰਘ ਜੀ.ਕੇ. ਨੇ ਕੁੱਲ 57-58 ਕਰੋੜ ਰੁਪਏ ਗੋਲਕ ਵਿੱਚੋਂ ਕੱਢੇ ਹਨ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਨੇ ਜਿੱਥੇ ਵੱਖ-ਵੱਖ ਸਮੇਂ ’ਤੇ 80 ਲੱਖ, 50 ਲੱਖ, 51 ਲੱਖ, 30 ਲੱਖ, 13.65 ਲੱਖ ਰੁਪਏ ਕਢਵਾਏ, ਉੱਥੇ ਹੀ ਉਨ੍ਹਾਂ ਦੇ ਸਹੁਰਾ ਪਰਿਵਾਰ ਵੱਲੋਂ ਜੋ ਜਾਇਦਾਦ ਗੁਰਦੁਆਰਾ ਕਮੇਟੀ ਨੂੰ ਦਿੱਤੀ ਗਈ ਸੀ ਉਸ ਵਿਚੋਂ ਵੀ ਅੱਧੀ 50 ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ।
ਸ੍ਰੀ ਸਿਰਸਾ ਨੇ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੀ ਗਈ ‘ਵਸੀਅਤ’ ਦੇ ਕਾਗਜ਼ ਇੱਥੋਂ ਚੋਰੀ ਕਰ ਲਏ ਤੇ ਅਦਾਲਤ ਵਿੱਚ ਇਹ ਦੱਸਿਆ ਕਿ ਪਰਿਵਾਰ ਅੱਧੀ ਜਾਇਦਾਦ ਵਾਪਸ ਲੈਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੀ.ਕੇ. ਨੇ ਆਪਣੇ ਪਿਤਾ ਸੰਤੋਖ ਸਿੰਘ ਦੇ ਨਾਂ ’ਤੇ ਵੀ ਪੈਸੇ ਕਢਵਾਏ ਤੇ ਆਪਣੀ ਧੀ ਦੇ ਨਾਂ ’ਤੇ ਵੀ ਪੈਸੇ ਕਢਵਾਏ। ਇਸ ਤੋਂ ਇਲਾਵਾ ਪ੍ਰਿੰਟਿੰਗ ਪ੍ਰੈੱਸ ਵਾਸਤੇ ਦਿੱਤੇ ਗਏ ਇਕ ਲੱਖ ਡਾਲਰ, ਮੁਲਾਜ਼ਮਾਂ ਦੀਆਂ ਵਰਦੀਆਂ ਵਾਸਤੇ ਇਕ ਪਰਿਵਾਰ ਵੱਲੋਂ ਦਿੱਤੇ ਗਏ 44 ਲੱਖ ਰੁਪਏ ਅਤੇ ਵਿਦੇਸ਼ਾਂ ਵਿੱਚ ਫ਼ੰਡ ਦੇਣ ਦੇ ਬਹਾਨੇ ਕਮੇਟੀ ਦੇ ਖਾਤੇ ਵਿੱਚੋਂ ਇਕ ਲੱਖ ਡਾਲਰ ਵੀ ਜੀ.ਕੇ. ਨੇ ਕਢਵਾਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ 24 ਨੁਕਤਿਆਂ ’ਤੇ ਵਿਸਥਾਰ ਨਾਲ ਦੋ ਘੰਟੇ ਚਰਚਾ ਹੋਈ ਤੇ ਸੱਤਾਧਾਰੀ ਧਿਰ ਦੇ ਨਾਲ ਵਿਰੋਧੀ ਧਿਰ ਦੇ ਮੈਂਬਰ ਕਰਤਾਰ ਸਿੰਘ, ਬਲਦੇਵ ਸਿੰਘ ਰਾਣੀ ਬਾਗ, ਕੁਲਤਾਰਣ ਸਿੰਘ ਤੇ ਤਲਵਿੰਦਰ ਸਿੰਘ ਮਰਵਾਹ ਨੇ ਵੀ ਸਹਿਮਤੀ ਦਿੱਤੀ ਕਿ ਜੀ.ਕੇ. ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਉਸ ਨੂੰ ਸਾਰੀ ਉਮਰ ਯਾਦ ਰਹੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਨੂੰ ਗੋਲਕ ਚੋਰੀ ਦੇ ਦੋਸ਼ਾਂ ਵਿੱਚ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਹਾਊਸ ਨੇ ਇਹ ਫ਼ੈਸਲਾ ਲਿਆ ਹੈ ਕਿ ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤੀਆਂ ਗਈਆਂ ਗੋਲਕ ਚੋਰੀਆਂ ਬਾਰੇ ਬੋਰਡ ਬਣਵਾ ਕੇ ਕਮੇਟੀ ਦੇ ਸਾਰੇ ਗੁਰਦੁਆਰਿਆਂ ਦੇ ਬਾਹਰ ਲਗਾਏ ਜਾਣ ਤੇ ਸਮੁੱਚੀਆਂ ਸਿੰਘ ਸਭਾਵਾਂ ਨੂੰ ਵੀ ਅਜਿਹੇ ਹੀ ਬੋਰਡ ਬਣਾ ਕੇ ਸਥਾਨਕ ਗੁਰਦੁਆਰਿਆਂ ਦੇ ਬਾਹਰ ਲਗਾਉਣ ਦੀ ਬੇਨਤੀ ਕੀਤੀ ਜਾਵੇ ਤਾਂ ਜੋ ਸੰਗਤ ਨੂੰ ਗੋਲਕ ਚੋਰੀ ਦਾ ਸਾਰਾ ਸੱਚ ਪਤਾ ਲੱਗ ਸਕੇ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਨਰਲ ਹਾਊਸ ਨੇ ਮਨਜੀਤ ਸਿੰਘ ਜੀ.ਕੇ. ਨੂੰ ਇਕ ਮਹੀਨੇ ਦੀ ਮੋਹਲਤ ਦਿੱਤੀ ਹੈ ਕਿ ਉਹ ਕਮੇਟੀ ਦੀ ਜਾਇਦਾਦ ਵਾਪਸ ਕਮੇਟੀ ਦੇ ਨਾਂ ਕਰਵਾ ਦੇਣ ਅਤੇ ਚੋਰੀ ਕੀਤਾ ਗੋਲਕ ਦਾ ਪੈਸਾ ਵਾਪਸ ਜਮ੍ਹਾਂ ਕਰਵਾ ਦੇਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਕਮੇਟੀ ਅਦਾਲਤ ਪਹੁੰਚ ਕਰ ਕੇ ਉਨ੍ਹਾਂ ਦੀ ਜਾਇਦਾਦ ਕੁਰਕ ਕਰ ਕੇ ਗੁਰਦੁਆਰਾ ਕਮੇਟੀ ਦੇ ਪੈਸੇ ਵਸੂਲਣ ਦੀ ਬੇਨਤੀ ਕਰੇਗੀ।
ਜੀਕੇ ਨੇ ਵੀ ਮੋੜਵੇਂ ਦੋਸ਼ ਲਾਏ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਉੱਪਰ ਲੱਗ ਰਹੇ ਦੋਸ਼ਾਂ ਦੇ ਜਵਾਬ ਵਜੋਂ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ’ਤੇ ਅਹੁਦੇ ਪ੍ਰਾਪਤ ਕਰਨ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ 2.99 ਏਕੜ ਜ਼ਮੀਨ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਦੇਣ ਦਾ ਸੌਦਾ ਕਰਨ ਦੇ ਦੋਸ਼ ਲਗਾਏ ਹਨ। ਜੀਕੇ ਨੇ ਇਸ ਸਬੰਧੀ ਸਕੂਲ ਪ੍ਰਿੰਸੀਪਲ ਸੁਖਦੀਪ ਸਿੰਘ ਵੱਲੋਂ ਕਮੇਟੀ ਦੇ ਮੁੱਖ ਕਾਨੂੰਨੀ ਅਧਿਕਾਰੀ ਪੀ ਸ਼ਰਮਾ ਨੂੰ ਭੇਜੇ ਗਏ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਨੇ ਕਮੇਟੀ ਵੱਲੋਂ 4 ਫਰਵਰੀ ਨੂੰ ਸਕੂਲ ਵਿੱਚ ਸਥਾਪਤ ਖੇਡ ਅਕੈਡਮੀਆਂ ਤੋਂ ਆ ਰਹੀ ਆਮਦਨ ਬਾਰੇ ਜਾਣਕਾਰੀ ਲੈਣ ਲਈ ਭੇਜੇ ਗਏ ਪੱਤਰ ਦੇ ਜਵਾਬ ਵਿੱਚ ਦਾਅਵਾ ਕੀਤਾ ਕਿ ਸਕੂਲ ਵਿੱਚ ਦਿੱਲੀ ਕਮੇਟੀ ਦਾ ਦਖ਼ਲ ਗੈਰਕਾਨੂਨੀ ਹੈ ਕਿਉਂਕਿ ਸਕੂਲ ਦੀ ਜ਼ਮੀਨ ਦਾ ਮਾਲਕਾਨਾ ਹੱਕ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸਕੂਲ ਸੁਸਾਇਟੀ ਦੇ ਨਾਂ ਉੱਤੇ ਹੈ। ਉਨ੍ਹਾਂ ਕਿਹਾ ਕਿ ਕਮੇਟੀ ਐਕਟ ਅਨੁਸਾਰ ਕਿਸੇ ਮੈਂਬਰ ਦੀ ਮੈਂਬਰੀ ਰੱਦ ਕਰਨ ਦਾ ਅਧਿਕਾਰ ਜਨਰਲ ਹਾਊਸ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਰੁਪਏ ਦੀ ਵੀ ਗੋਲਕ ਚੋਰੀ ਸਾਬਿਤ ਹੋਈ ਤਾਂ ਉਹ ਉਸ ਬਦਲੇ ਦੁੱਗਣੇ ਰੁਪਏ ਦੇਣਗੇ।

ਹਿੱਤ ਨੇ ਦੋਸ਼ ਨਕਾਰੇ
ਅਵਤਾਰ ਸਿੰਘ ਹਿੱਤ ਨੇ ਮਨਜੀਤ ਸਿੰਘ ਜੀਕੇ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦੇ ਹੋਏ ਕਿਹਾ ਕਿ ਸੁੱਖੋ ਸਿੱਖਿਆ ਸੁਸਾਇਟੀ ਦੇ ਨਾਂ ਹੀ ਸਕੂਲ ਦੀ ਜ਼ਮੀਨ ਰਹਿਣੀ ਹੈ ਤੇ ਉਸ ਨੂੰ ਕੋਈ ਨਹੀਂ ਬਦਲ ਸਕਦਾ। ਸੁਸਾਇਟੀ ਉਨ੍ਹਾਂ (ਸ੍ਰੀ ਹਿੱਤ) ਕੋਲ ਹੈ ਤੇ ਸਕੂਲ ਨੂੰ ਪਹਿਲਾਂ ਨਾਲੋਂ ਬਹੁਤ ਵਧੀਆ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਰੀਆਂ ਸਿੰਘ ਸਭਾਵਾਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਉਹ ਜੀ.ਕੇ. ਤੋਂ ਗੁਰੂ ਦੀ ਗੋਲਕ ਦਾ ਹਿਸਾਬ ਮੰਗਣ। ਉਨ੍ਹਾਂ ਕਿਹਾ ਕਿ ਗੋਲਕ ਦਾ ਪੈਸਾ ਜੀ.ਕੇ. ਨੂੰ ਹਰ ਹਾਲ ਵਿੱਚ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਜੀ.ਕੇ. ਵੱਲੋਂ ਗ਼ਲਤ ਬਿਆਨੀਬਾਜ਼ੀ ਕੀਤੀ ਜਾ ਰਹੀ ਹੈ।

Previous articleNo special celebrations for N.Korean late leader’s bday
Next article9 temporary hospitals open in epidemic-stricken Hubei