(ਸਮਾਜ ਵੀਕਲੀ)
ਚਮਕ ਸਦਾ ਹੀ,
ਆਕਰਸ਼ਣ ਦਾ ਸੋਮਾ ਰਹੀ ਏ,
ਪਰ ਉਹ ਸੋਨੇ ਦੀ ਹੋਵੇ,
ਇਹ ਜਰੂਰੀ ਨਹੀੰ।
ਤੇਰਾ ਵੀ ਬੋਲਬਾਲਾ,
ਮੁੱਢ ਕਦੀਮ ਤੋਂ ਹੀ ਰਿਹੈ,
ਕਿਉਂਕਿ ਵਾਹ-ਵਾਹ ਦਾ ਛਿੜਕਾਅ,
ਤੈਨੂੰ ਲਿਫਟ ਰਾਹੀਂ ਬਹੁਤ ਉੱਚੇ,
ਰੇਤ ਦੇ ਮੀਨਾਰ ‘ਤੇ ਚੜਾਉਂਦਾ ਰਿਹੈ।
ਤੇਰਾ ਪਸਾਰਾ,
ਕਿਸੇ ਅਮਰਵੇਲ ਤੋਂ ਘੱਟ ਨਹੀੰ,
ਕਿਉਂਕਿ,
ਕੁਚਲਨ ਦੀ ਨਿਰੰਤਰਤਾ ਨੂੰ,
ਅਕਸਰ ਵਰ ਮਿਲ਼ ਜਾਂਦੈ,
ਅਖੌਤੀ ਸਾਹਿੱਤਕ ਰਿਸ਼ੀ ਮੁਨੀਆਂ ਤੋਂ।
ਬੇਸ਼ੱਕ,
ਉਚਾਈਆਂ ਤੋਂ,
ਮੰਜ਼ਰ ਬੜੇ ਸੋਹਣੇ ਦਿਸਦੇ ਨੇ,
ਪਰ ਮੈਂ ਫਿਕਰਮੰਦ ਹਾਂ,
ਤੇਰੇ ਸੰਭਾਵਿਤ ਹਸ਼ਰ ਤੋਂ।
ਰੇਤੀਲੇ ਮੀਨਾਰਾਂ ਦੀ ਹੋਂਦ,
ਕਦੇ ਸਥਾਈ ਨਹੀਂ ਹੁੰਦੀ,
ਨਿਰਭਰ ਕਰਦੀ ਹੈ;
ਸਿਰਫ ਖੁਸ਼ਾਮਦੀ ਸਿੱਲ੍ਹ ਤਾਈੰ।
ਮੈਂ ਵੇਖ ਰਿਹਾਂ,
“ਮਿਆਰ” ਨਾਲ਼ ਵੀ,
ਤੇਰੀ ਰਾਸ਼ੀ ਨਹੀੰ ਰਲ਼ਦੀ
ਤੇਰੇ ਸ਼ਬਦਕੋਸ਼ ਦੇ ਕਿਵਾੜ,
ਪੱਕੇ ਹੀ ਬੰਦ ਨੇ ਇਸ ਲਈ।
ਤੇਰੀ ਪਹੁੰਚ,
ਸਿਰਫ ਢਾਣੀਆਂ ਤੱਕ ਸੀਮਤ ਹੈ,
ਪਰ ਮਿਆਰ ਤਾਂ,
ਲੋਕਾਂ ਦਾ ਪ੍ਰਵਾਨਿਤ
ਵਿਧਾਇਕ ਹੈ।
ਸੋਸ਼ਲ ਮੀਡੀਆ ‘ਤੇ,
ਤੇਰਾ ਵਿਸ਼ਾ ਰਹਿਤ ਵਿਛਣਾ,
ਬਹੁਤ ਸੁਭਾਵਿਕ ਹੈ,
ਕਿਉਂਕਿ ਤੇਰੇ ਅਪਾਠਕਾਂ ਕੋਲ਼,
ਸਿਰਫ;
ਹਾਈਡ੍ਰੋਲਿਕ ਪੰਪ ਹੀ ਨੇ,
ਜੋ ਬਹੁਤ ਜਲਦੀ ਉਤਾਂਹ ਚੱਕਦੇ ਨੇ।
ਪਰ ਤੂੰ ਸ਼ਾਇਦ,
ਭੁੱਲ ਰਹੀ ਏਂ
ਕਵਿਤਾਵਾਂ ਦੇ ਤਾਂ,
ਨੈਣ ਨਕਸ਼ ਵੀ ਹੁੰਦੇ ਨੇ,
ਉਹ ਸਾਵਲੀਆਂ ਵੀ ਹੁੰਦੀਆਂ ਨੇ,
ਉਹ ਕਣਕਵੰਨੀਆਂ ਵੀ ਹੁੰਦੀਆਂ ਨੇ।
ਬਲਦੇਵ ਕ੍ਰਿਸ਼ਨ ਸ਼ਰਮਾ
9779070198