ਗੋਡੀ ਤੇਰੀ ਹਾਕਮਾ ਲਵਾਉਣਗੇ

ਕਰਮ ਸਿੰਘ ਜ਼ਖ਼ਮੀ
(ਸਮਾਜ ਵੀਕਲੀ)
ਲਿਖੀ ਜਾਵੇਂ ਜਿਹੜੇ ਕਾਲੇ ਲੇਖ ਤੂੰ, ਦੇਖੀਂ ਤੇਰੇ ਹੱਥੋਂ ਪੜਵਾਉਣਗੇ।
ਕਿਰਤੀ ਕਿਸਾਨ ਆਏ ਚੜ੍ਹ ਕੇ, ਗੋਡੀ ਤੇਰੀ ਹਾਕਮਾ ਲਵਾਉਣਗੇ।
ਰੁਕੇ ਨਾ ਜੁਝਾਰੂਆਂ ਦੇ ਕਾਫ਼ਲੇ, ਕੀਤੀਆਂ ਤੂੰ ਵੱਡੀਆਂ ਤਿਆਰੀਆਂ।
ਗੋਲੇ ਵੀ ਚਲਾਏ ਹੰਝੂ ਗੈਸ ਦੇ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ।
ਕੱਫਣ ਤੁਰੇ ਜੋ ਘਰੋਂ ਬੰਨ੍ਹ ਕੇ, ਬੈਰੀਕੇਡ ਭਲਾਂ ਕੀ ਡਰਾਉਣਗੇ।
ਕਿਰਤੀ ਕਿਸਾਨ……..।
ਲੋਕ ਮਨਸੂਬੇ ਤੇਰੇ ਜਾਣਦੇ, ਅੰਨਦਾਤਿਆਂ ਨੂੰ ਭੁੱਖੇ ਮਾਰਨਾ।
ਕਰਨੀ ਦਲਾਲੀ ਪੂੰਜੀਵਾਦ ਦੀ, ਮੁੱਢ ਤੋਂ ਹੀ ਰਹੀ ਤੇਰੀ ਧਾਰਨਾ।
ਢਿੱਡਾਂ ‘ਤੇ ਜਿਨ੍ਹਾਂ ਦੇ ਲੱਤ ਮਾਰਦੈਂ, ਧੌਣ ਤੇਰੀ ਦੁਸ਼ਟਾ ਝੁਕਾਉਣਗੇ।
ਕਿਰਤੀ ਕਿਸਾਨ……..।
ਜਾਨ ਤੋਂ ਜ਼ਮੀਨਾਂ ਨੇ ਪਿਆਰੀਆਂ, ਕਿਸੇ ਨੂੰ ਪਰੋਸ ਦੇਈਏ ਕਿਸ ਤਰ੍ਹਾਂ।
ਕੱਖ ਨਾ ਕਿਸਾਨੀ ਪੱਲੇ ਛੱਡਣਾ, ਕਰਦੈਂ ਤੂੰ  ਘਾਲੇ-ਮਾਲੇ ਜਿਸ ਤਰ੍ਹਾਂ।
ਸਾਹਮਣੇ ਜਿਨ੍ਹਾਂ ਨੂੰ ਮੌਤ ਦਿਸਦੀ, ਕਿਉਂ ਨਾ ਤੇਰੀ ਚੱਕਰੀ ਘੁਮਾਉਣਗੇ।
ਕਿਰਤੀ ਕਿਸਾਨ……..।
‘ਜ਼ਖ਼ਮੀ’ ਸੁਣਾਵੇ ਤੈਨੂੰ ਸੱਚੀਆਂ, ਕਰ ਦੇ ਕਾਨੂੰਨ ਸਾਰੇ ਰੱਦ ਤੂੰ।
ਛੱਡ ਚਤਰਾਈਆਂ-ਚਾਲਬਾਜ਼ੀਆਂ, ਮੰਗ ਲੈ ਮੁਆਫ਼ੀ ਹੁਣੇ ਸੱਦ ਤੂੰ।
ਕੰਡੇ ਜਿਹੜੇ ਰਾਹਾਂ ਵਿੱਚ ਬੀਜਦੈਂ, ਨੀਂਦ ਤੇਰੀ ਰਾਤਾਂ ਦੀ ਉਡਾਉਣਗੇ।
ਕਿਰਤੀ ਕਿਸਾਨ……..।
                –ਕਰਮ ਸਿੰਘ ਜ਼ਖ਼ਮੀ
                               ਪ੍ਰਧਾਨ, 
ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:)
Previous articleਨਜ਼ਰੀਆ
Next articleਜ਼ਿਆਦਾ ਧੁੰਦ ਦੀ ਚਿਤਾਵਨੀ ’ਤੇ ਯਾਤਰਾ ਨੂੰ ਮੌਸਮ ਸਾਫ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ – ਯਾਦਵਿੰਦਰ ਸਿੰਘ