ਗੋਗੋਈ ਖ਼ਿਲਾਫ਼ ਦੋਸ਼: ਜਾਂਚ ਕਮੇਟੀ ਅੱਗੇ ਪੇਸ਼ ਹੋਈ ਸਾਬਕਾ ਮੁਲਾਜ਼ਮ

ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਅੱਜ ਜਸਟਿਸ ਐਸ.ਏ.ਬੋਬੜੇ ਦੀ ਅਗਵਾਈ ਵਾਲੀ ਅੰਦਰੂਨੀ ਜਾਂਚ ਕਮੇਟੀ ਅੱਗੇ ਪੇਸ਼ ਹੋਈ।
ਜੱਜਾਂ ਦੀ ਤਿੰਨ ਮੈਂਬਰੀ ਕਮੇਟੀ ਨੇ ਚੈਂਬਰ ਵਿੱਚ ਆਪਣੀ ਪਹਿਲੀ ਮੀਟਿੰਗ ਕੀਤੀ, ਜਿਸ ਵਿੱਚ ਕਮੇਟੀ ਦੇ ਹੋਰ ਮੈਂਬਰ ਜਸਟਿਸ ਇੰਦੂ ਮਲਹੋਤਰਾ ਤੇ ਜਸਟਿਸ ਇੰਦਰਾ ਬੈਨਰਜੀ ਵੀ ਮੌਜੂਦ ਸਨ। ਅਧਿਕਾਰਤ ਸੂਤਰਾਂ ਮੁਤਾਬਕ ਸ਼ਿਕਾਇਤਕਰਤਾ ਸਾਬਕਾ ਮਹਿਲਾ ਮੁਲਾਜ਼ਮ ਤੇ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਕਮੇਟੀ ਅੱਗੇ ਪੇਸ਼ ਹੋਏ। ਕਮੇਟੀ ਨੇ ਸਕੱਤਰ ਜਨਰਲ ਨੂੰ ਇਸ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਤੇ ਸਮੱਗਰੀ ਨਾਲ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਸ਼ਿਕਾਇਤਕਰਤਾ ਨਾਲ ਆਈ ਵਕੀਲ ਇਸ ਸਾਰੀ ਕਾਰਵਾਈ ਦਾ ਹਿੱਸਾ ਨਹੀਂ ਸੀ। ਕਮੇਟੀ ਨੇ ਸ਼ਿਕਾਇਤਕਰਤਾ ਦਾ ਪੱਖ ਸੁਣਿਆ। ਕਮੇਟੀ ਦੀ ਅਗਲੀ ਮੀਟਿੰਗ ਦੀ ਤਰੀਕ ਜਲਦੀ ਹੀ ਨਿਰਧਾਰਿਤ ਕੀਤੀ ਜਾਵੇਗੀ। ਜਸਟਿਸ ਬੋਬੜੇ ਨੇ 23 ਅਪਰੈਲ ਨੂੰ ਇਸ ਖ਼ਬਰ ਏਜੰਸੀ ਨੂੰ ਦੱਸਿਆ ਸੀ ਕਿ ਅੰਦਰੂਨੀ ਕਾਰਵਾਈ ਦੌਰਾਨ ਦੋਵਾਂ ਧਿਰਾਂ ਵੱਲੋਂ ਵਕੀਲਾਂ ਦੀ ਨੁਮਾਇੰਦਗੀ ਦੀ ਕੋਈ ਵਿਵਸਥਾ ਨਹੀਂ ਹੈ ਕਿਉਂਕਿ ਇਹ ਗੈਰ-ਰਸਮੀ ਨਿਆਂਇਕ ਕਾਰਵਾਈ ਹੈ। ਜਸਟਿਸ ਬੋਬੜੇ ਨੇ ਸਪੱਸ਼ਟ ਕੀਤਾ ਸੀ ਕਿ ਇਸ ਜਾਂਚ ਨੂੰ ਪੂਰਾ ਕਰਨ ਲਈ ਕੋਈ ਸਮਾਂ ਸੀਮਾ ਵੀ ਨਿਰਧਾਰਿਤ ਨਹੀਂ ਹੈ ਤੇ ਇਸ ਕਾਰਵਾਈ ਦਾ ਰੁਖ਼ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ’ਤੇ ਮੁਨੱਸਰ ਕਰੇਗਾ। ਉਨ੍ਹਾਂ ਅੰਦਰੂਨੀ ਜਾਂਚ ਲਈ ਜਸਟਿਸ ਐੱਨ.ਵੀ.ਰਾਮੰਨਾ ਤੇ ਜਸਟਿਸ ਇੰਦਰਾ ਬੈਨਰਜੀ ਨੂੰ ਸ਼ਾਮਲ ਕੀਤਾ ਸੀ। ਹਾਲਾਂਕਿ ਸ਼ਿਕਾਇਤਕਰਤਾ ਨੇ ਲੰਘੇ ਦਿਨੀਂ ਇਕ ਪੱਤਰ ਲਿਖ ਕੇ ਕਮੇਟੀ ਵਿੱਚ ਜਸਟਿਸ ਰਾਮੰਨਾ ਦੀ ਸ਼ਮੂਲੀਅਤ ’ਤੇ ਉਜਰ ਜਤਾਇਆ ਸੀ। ਸ਼ਿਕਾਇਤਕਰਤਾ ਦੇ ਇਸ ਉਜਰ ਤੋਂ ਬਾਅਦ ਜਸਟਿਸ ਰਾਮੰਨਾ ਨੇ ਖੁ਼ਦ ਨੂੰ ਇਸ ਕਮੇਟੀ ਤੋਂ ਵੱਖ ਕਰ ਲਿਆ ਸੀ। ਮਗਰੋਂ ਜਸਟਿਸ ਇੰਦੂ ਮਲਹੋਤਰਾ ਨੂੰ ਉਨ੍ਹਾਂ ਦੀ ਥਾਂ ਸ਼ਾਮਲ ਕਰ ਲਿਆ ਗਿਆ।
ਸ਼ਿਕਾਇਤਕਰਤਾ ਮਹਿਲਾ, ਜੋ ਸੀਜੇਆਈ ਰੰਜਨ ਗੋਗੋਈ ਦੀ ਰਿਹਾਇਸ਼ ਵਿਚਲੇ ਦਫ਼ਤਰ ਵਿੱਚ ਕੰਮ ਕਰਦੀ ਸੀ, ਨੇ ਸ੍ਰੀ ਗੋਗੋਈ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ।

Previous articleਕਣਕ ਦੀ ਖ਼ਰੀਦ ’ਚ ਢਿੱਲ ਦੇਣ ਦੀ ਤਜਵੀਜ਼ ਕੇਂਦਰ ਸਰਕਾਰ ਵੱਲੋਂ ਪ੍ਰਵਾਨ
Next articleਸੰਸਦੀ ਚੋਣਾਂ: 13 ਹਲਕਿਆਂ ਲਈ 91 ਨਾਮਜ਼ਦਗੀਆਂ