ਗੈਸ ਏਜੰਸੀ ਦੇ ਮਾਲਕ ਅਤੇ ਉਸ ਦੇ ਦੋ ਕਰਮਚਾਰੀਆਂ ਨੂੰ ਪਿਸਤੌਲ ਦੇ ਜ਼ੋਰ ’ਤੇ ਅਗਵਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ-ਅੰਬਾਲਾ ਸੜਕ ’ਤੇ ਸਥਿਤ ਗੈਸ ਏਜੰਸੀ ਦੇ ਮਾਲਕ ਦੀ ਸ਼ਿਕਾਇਤ ’ਤੇ ਉਸ ਨੂੰ ਅਗਵਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਤਿੰਨ ਨੂੰ ਕਾਬੂ ਕਰ ਲਿਆ ਗਿਆ ਹੈ। ਬਾਅਦ ਵਿੱਚ ਚੌਥੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਗਿਆ। ਪੀੜਤ ਜੈਮਲ ਕੁਮਾਰ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਸ ਦੀ ਜ਼ੀਰਕਪੁਰ ਵਿਚ ਗੈਸ ਏਜੰਸੀ ਹੈ| 5 ਜੁਲਾਈ ਨੂੰ ਸਵੇਰੇ 10 ਵਜੇ ਉਸ ਦੇ ਸਟਾਫ ਦੇ ਕਰਮਚਾਰੀ ਤਰੁਨ ਕੁਮਾਰ ਦਾ ਫੋਨ ਆਇਆ ਕਿ ਡਿਲੀਵਰੀ ਮੈਨ ਜਿਸ ਨੇ ਸਿਲਵਰ ਸਿਟੀ ਵਿਚ ਸਿਲੰਡਰ ਡਲੀਵਰ ਕੀਤਾ ਸੀ, ਉਸ ਨਾਲ ਰਾਜਵੀਰ ਸਿੰਘ ਸੋਢੀ ਨਾਂ ਦੇ ਵਿਅਕਤੀ ਨੇ ਹੰਗਾਮਾ ਕੀਤਾ ਹੋਇਆ ਹੈ ਅਤੇ ਫੂਡ ਸਪਲਾਈ ਵਿਭਾਗ ਦੇ ਕਰਮਚਾਰੀ ਵੀ ਬੁਲਾਏ ਹੋਏ ਹਨ। ਉਸ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਨੇ ਉਨ੍ਹਾਂ ਦੇ ਸਿਲੰਡਰ ਸਹੀ ਪਾਏ ਹਨ। ਸ਼ਾਮ ਨੂੰ ਕਰੀਬ 5 ਵਜੇ ਜਦੋਂ ਉਹ ਆਪਣੇ ਦਫ਼ਤਰ ਤੋਂ ਗੈਸ ਗੋਦਾਮ, ਜੋ ਕਿ ਏਅਰਪੋਰਟ ਰੋਡ ’ਤੇ ਸਥਿਤ ਹੈ, ਉੱਤੇ ਗਿਆ ਤਾਂ ਉੱਥੇ ਕਾਰ ਵਿਚੋਂ ਚਾਰ ਵਿਅਕਤੀ ਨਿਕਲੇ ਜਿਨ੍ਹਾਂ ਵਿੱਚੋਂ ਰਾਜਵੀਰ ਸਿੰਘ ਸੋਢੀ ਅਤੇ ਉਸ ਦਾ ਲੜਕਾ ਅਮਰਾਜ ਸਿੰਘ ਸੋਢੀ ਵਾਸੀਆਨ ਚੰਡੀਗੜ੍ਹ ਅਤੇ ਸੁਖਵੀਰ ਸਿੰਘ ਅਤੇ ਘੋਲਾ ਵਾਸੀ ਪਿੰਡ ਡੇਰਾ ਜਗਾਧਰੀ ਸ਼ਾਮਲ ਸਨ। ਇਨ੍ਹਾਂ ਵਿਚੋਂ ਰਾਜਬੀਰ ਸਿੰਘ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਅਤੇ ਉਸ ਨੇ ਆਪਣੇ ਨਾਲ ਚੱਲਣ ਲਈ ਕਿਹਾ। ਰਾਜਵੀਰ ਸਿੰਘ ਦੇ ਲੜਕੇ ਨੇ ਉਸ ਦੇ ਹੱਥ ਵਿੱਚੋਂ ਮੋਬਾਈਲ ਅਤੇ ਕਾਰ ਦੀ ਚਾਬੀ ਖੋਹ ਲਈ ਅਤੇ ਉਸ ਨੂੰ ਅਤੇ ਉਸ ਦੇ ਦੋ ਕਰਮਚਾਰੀਆਂ ਰਾਮ ਸਿੰਘ ਅਤੇ ਮਹਿੰਦਰ ਸਿੰਘ ਨੂੰ ਜਬਰਦਸਤੀ ਉਸ ਦੀ ਹੀ ਕਾਰ ਵਿੱਚ ਸੁੱਟ ਲਿਆ ਅਤੇ ਕਾਰ ਬੰਦ ਕਰ ਦਿੱਤੀ। ਉਸ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਨੂੰ ਸਿੱਧੂ ਫਾਰਮ ਪਿੰਡ ਮਹਿਦੂਦਾ ਲੈ ਗਏ ਜਿੱਥੇ ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਜ਼ਬਰਦਸਤੀ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਕਿਹਾ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਦੋਵੇਂ ਕਰਮਚਾਰੀ ਉੱਥੋ ਭੱਜਣ ਵਿੱਚ ਕਾਮਯਾਬ ਹੋ ਗਏ ਜਦੋਂ ਕਿ ਮੁਲਜ਼ਮ ਉਸ ਦੀ ਮਾਰ ਕੁੱਟ ਕਰਦੇ ਰਹੇ। ਇਸੇ ਦੌਰਾਨ ਉਸ ਦੀ ਭਾਲ ਕਰਦੇ ਹੋਏ ਉਸ ਦੇ ਦੋ ਹੋਰ ਕਰਮਚਾਰੀ ਤਰੁਣ ਕੁਮਾਰ ਅਤੇ ਅਜੇ ਸਿੰਘ ਵੀ ਉਥੇ ਪਹੁੰਚ ਗਏ ਜਿਨ੍ਹਾਂ ਨੂੰ ਵੀ ਕੁੱਟਿਆ ਗਿਆ। ਉਸ ਨੇ ਦੱਸਿਆ ਕਿ ਰਾਜਵੀਰ ਸਿੰਘ ਸੋਢੀ ਤੇ ਉਸ ਦੇ ਲੜਕੇ ਅਰਮਾਜ ਸਿੰਘ, ਘੋਲਾ ਅਤੇ ਸੁਖਵੀਰ ਸਿੰਘ ਨੇ ਉਸ ਦੇ ਗੋਦਾਮ ਵਾਲੀ ਜਗ੍ਹਾ ਦਾ ਬਿਆਨਾ ਕੀਤਾ ਹੋਇਆ ਹੈ ਅਤੇ ਉਹ ਉਸ ਦੀ ਗੈਸ ਏਜੰਸੀ ਵਿੱਚ ਧੱਕੇ ਨਾਲ ਹਿੱਸਾ ਪਾਉਣਾ ਚਾਹੁੰਦੇ ਹਨ। ਇਸ ਕਾਰਨ ਉਸ ਨੂੰ ਅਗਵਾ ਕਰਕੇ ਮਾਰਕੁੱਟ ਕਰ ਕੇ ਜ਼ਬਰਦਸਤੀ ਦਸਤਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਪੁਲੀਸ ਨੇ ਰੇਡ ਕਰਕੇ ਰਾਜਬੀਰ ਸਿੰਘ ਸੋਢੀ, ਅਮਰਾਜ ਸਿੰਘ ਸੋਢੀ ਅਤੇ ਸੁਖਵੀਰ ਸਿੰਘ ਨੂੰ ਕਾਬੂ ਕਰ ਲਿਆ ਅਤੇ ਘੋਲੇ ਨੂੰ ਸਵੇਰੇ ਕਾਬੂ ਕੀਤਾ। ਪੁਲੀਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
INDIA ਗੈਸ ਏਜੰਸੀ ਮਾਲਕ ਨੂੰ ਅਗਵਾ ਕਰਨ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ